ਖਬਰਿਸਤਾਨ ਨੈੱਟਵਰਕ-ਦੇਸ਼ ਵਿੱਚ ਇਕ ਵਾਰ ਫਿਰ ਦਵਾਈਆਂ ਦੀ ਗੁਣਵੱਤਾ ‘ਤੇ ਸਵਾਲ ਖੜੇ ਹੋ ਗਏ ਹਨ। ਕੇਂਦਰੀ ਔਸ਼ਧ ਮਿਆਰ ਨਿਯੰਤਰਣ ਸੰਗਠਨ, ਯਾਨੀ CDSCO ਵੱਲੋਂ ਕੀਤੀ ਗਈ ਜਾਂਚ ਦੌਰਾਨ 205 ਦਵਾਈਆਂ ਦੇ ਸੈਂਪਲ ਫੇਲ੍ਹ ਪਾਏ ਗਏ ਹਨ।
ਇਨ੍ਹਾਂ ਵਿੱਚ ਖੰਘ, ਬੁਖਾਰ, ਸ਼ੂਗਰ ਅਤੇ ਦਿਲ ਨਾਲ ਸਬੰਧਤ ਬੀਮਾਰੀਆਂ ਦੀਆਂ ਦਵਾਈਆਂ ਸ਼ਾਮਲ ਹਨ। CDSCO ਨੇ ਗੁਣਵੱਤਾ ਮਾਪਦੰਡਾਂ ‘ਤੇ ਖਰੀ ਨਾ ਉਤਰਣ ਕਾਰਨ ਇਨ੍ਹਾਂ ਦਵਾਈਆਂ ਨੂੰ ‘ਨਾਟ ਆਫ ਸਟੈਂਡਰਡ ਕਵਾਲਟੀ’ (NSQ) ਘੋਸ਼ਿਤ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ‘ਚ ਬਣੀਆਂ 47 ਦਵਾਈਆਂ ਦੇ ਸੈਂਪਲ ਫੇਲ੍ਹ
ਫੇਲ੍ਹ ਹੋਈਆਂ ਦਵਾਈਆਂ ਵਿੱਚੋਂ 47 ਦਵਾਈਆਂ ਹਿਮਾਚਲ ਪ੍ਰਦੇਸ਼ ਵਿੱਚ ਤਿਆਰ ਕੀਤੀਆਂ ਗਈਆਂ ਸਨ।
ਇਹ ਦਵਾਈਆਂ ਬੱਦੀ, ਬਰੋਟੀਵਾਲਾ, ਨਾਲਾਗੜ੍ਹ, ਸੋਲਨ, ਕਾਲਾ ਅੰਬ, ਪਾਊਂਟਾ ਸਾਹਿਬ ਅਤੇ ਊਨਾ ਦੀਆਂ ਫਾਰਮਾ ਇਕਾਈਆਂ ਵਿੱਚ ਬਣੀਆਂ ਸਨ।
ਬੁਖਾਰ, ਸ਼ੂਗਰ ਅਤੇ ਦਿਲ ਦੀਆਂ ਦਵਾਈਆਂ ਵੀ ਸ਼ਾਮਲ
NSQ ਘੋਸ਼ਿਤ ਕੀਤੀਆਂ ਦਵਾਈਆਂ ਵਿੱਚ ਪੈਰਾਸਿਟਾਮੋਲ, ਮੈਟਫਾਰਮਿਨ, ਕਲੋਪਿਡੋਗ੍ਰੇਲ, ਐਸਪਿਰਿਨ, ਰੈਮੀਪ੍ਰਿਲ, ਟੈਲਮੀਸਾਰਟਨ, ਸੋਡੀਅਮ ਵੈਲਪ੍ਰੋਏਟ, ਮੇਬੇਵੇਰੀਨ ਹਾਈਡ੍ਰੋਕਲੋਰਾਈਡ, ਕਲੇਰਿਥਰੋਮਾਇਸਿਨ, ਸੈਫਿਕਸੀਮ ਅਤੇ ਜੈਂਟਾਮਾਇਸਿਨ ਇੰਜੈਕਸ਼ਨ ਵਰਗੀਆਂ ਦਵਾਈਆਂ ਸ਼ਾਮਲ ਹਨ।
ਇਹ ਦਵਾਈਆਂ ਟਾਇਫਾਇਡ, ਫੇਫੜਿਆਂ ਅਤੇ ਪਿਸ਼ਾਬ ਦੇ ਇਨਫੈਕਸ਼ਨ, ਖੰਘ, ਦਮਾ, ਐਲਰਜੀ ਅਤੇ ਪਚਨ ਤੰਤਰ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ।
CDSCO ਵੱਲੋਂ ਰਾਜ ਸਰਕਾਰਾਂ ਨੂੰ ਇਹ ਦਵਾਈਆਂ ਮਾਰਕੀਟ ਤੋਂ ਤੁਰੰਤ ਹਟਾਉਣ ਅਤੇ ਸੰਬੰਧਿਤ ਕੰਪਨੀਆਂ ਖਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।