ਜਲੰਧਰ ਦੇ ਵੈਸਟ ਹਲਕੇ ਦੇ ਪਾਰਸ ਐਸਟੇਟ ਵਿੱਚ 13 ਸਾਲਾ ਮਾਸੂਮ ਲੜਕੀ ਦੀ ਨਿਰਮਮ ਹੱਤਿਆ ਦੇ ਮਾਮਲੇ ਵਿੱਚ ਆਰੋਪੀ ਹਰਮਿੰਦਰ ਸਿੰਘ ਉਰਫ਼ ਰਿੰਪੀ ਨੂੰ ਲੈ ਕੇ ਪਾਸਟਰ ਅੰਕੁਰ ਨਰੂਲਾ ਦੇ ਹਾਲੀਆ ਬਿਆਨ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਅੰਕੁਰ ਨਰੂਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦਾ ਕੰਮ ਪਾਪੀਆਂ ਨੂੰ ਮਾਫ਼ੀ ਦਾ ਸੰਦੇਸ਼ ਦੇਣਾ ਹੈ ਅਤੇ ਚਰਚ ਨੂੰ ਉਨ੍ਹਾਂ ਨੇ “ਸਪਿਰਿਚੁਅਲ ਹਸਪਤਾਲ” ਦੱਸਿਆ। ਉਨ੍ਹਾਂ ਕਿਹਾ ਕਿ ਬਾਈਬਲ ਵਿੱਚ ਲਿਖਿਆ ਹੈ ਕਿ ਪਾਪੀਆਂ ਨੂੰ ਯਿਸੂ ਦੀ ਲੋੜ ਹੁੰਦੀ ਹੈ, ਧਾਰਮੀਆਂ ਨੂੰ ਨਹੀਂ।
ਪਰਿਵਾਰ ‘ਚ ਰੋਸ, ਕਿਹਾ – ਜ਼ਖ਼ਮਾਂ ‘ਤੇ ਨਮਕ ਛਿੜਕਣ ਵਰਗਾ ਬਿਆਨ
ਪੀੜਤ ਪਰਿਵਾਰ ਨੇ ਪਾਸਟਰ ਦੇ ਇਸ ਬਿਆਨ ‘ਤੇ ਗਹਿਰਾ ਰੋਸ ਜਤਾਇਆ ਹੈ। ਪਰਿਵਾਰ ਨੇ ਕਿਹਾ ਕਿ ਧੀ ਨਾਲ ਹੋਈ ਦਰਿੰਦਗੀ ਅਤੇ ਉਸ ਦੀ ਮੌਤ ਨਾਲ ਪੂਰਾ ਪੰਜਾਬ ਅਤੇ ਦੇਸ਼ ਦੁਖੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕ ਝੂਠੀ ਸ਼ੋਹਰਤ ਲਈ ਇਸ ਮਾਮਲੇ ਨੂੰ ਗਲਤ ਤਰੀਕੇ ਨਾਲ ਉਲਝਾ ਰਹੇ ਹਨ। ਪਰਿਵਾਰ ਨੇ ਕਿਹਾ ਕਿ ਪਾਸਟਰ ਦਾ ਇਹ ਬਿਆਨ ਉਨ੍ਹਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਵਰਗਾ ਹੈ।
ਪਰਿਵਾਰ ਨੇ ਕਿਹਾ ਕਿ ਜਦੋਂ ਪਾਸਟਰ ਅੰਕੁਰ ਨਰੂਲਾ ਕਹਿੰਦੇ ਹਨ ਕਿ ਦੋਸ਼ੀ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ, ਤਾਂ ਭਾਰਤ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਕਤਲ ਅਤੇ ਬਲਾਤਕਾਰ ਦੇ ਜੋ ਦੋਸ਼ੀ ਬੰਦ ਹਨ, ਉਹਨਾਂ ਸਾਰਿਆਂ ਨੂੰ ਜੇਲ੍ਹਾਂ ਤੋਂ ਰਿਹਾ ਕਰਕੇ ਆਪਣੇ ਘਰ ਲੈ ਜਾਣ। ਜੇ ਉਨ੍ਹਾਂ ਵਿੱਚ ਇੰਨੀ ਤਾਕਤ ਹੈ ਤਾਂ ਉਹ ਸਾਰੇ ਪਾਪ ਮਾਫ਼ ਕਰ ਦੇਣ।
ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਧਰਮ ਵਿੱਚ ਸੋਚ ਹੀ ਐਸੀ ਹੈ ਅਤੇ ਉਨ੍ਹਾਂ ਦਾ ਹੀ ਇੱਕ ਪਾਸਟਰ ਬਲਜਿੰਦਰ ਖੁਦ ਰੇਪ ਕੇਸ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ, ਤਾਂ ਉਸਦੇ ਪਾਪ ਕਿਉਂ ਨਹੀਂ ਮਾਫ਼ ਹੋਏ। ਪਰਿਵਾਰ ਨੇ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਅੱਜ ਤੱਕ ਕਿਸੇ ਵੀ ਵਿਅਕਤੀ ਨੇ ਨਹੀਂ ਕਿਹਾ ਕਿ ਦੋਸ਼ੀ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।
ਪਰਿਵਾਰ ਨੇ ਕਿਹਾ ਕਿ ਇਹ ਬਿਆਨ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਦੋਸ਼ੀ ਉਨ੍ਹਾਂ ਦੇ ਆਪਣੇ ਹੀ ਲੋਕ ਸਨ। ਉਨ੍ਹਾਂ ਕਿਹਾ ਕਿ ਪਾਸਟਰ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਅਤੇ ਜੇ ਉਹ ਪਰਿਵਾਰ ਦੇ ਨਾਲ ਖੜ੍ਹੇ ਨਹੀਂ ਹੋ ਸਕਦੇ ਤਾਂ ਇਸ ਕਿਸਮ ਦੇ ਬਿਆਨ ਦੇਣ ਦੀ ਕੋਈ ਲੋੜ ਨਹੀਂ ਸੀ।