ਲੁਧਿਆਣਾ ‘ਚ ਪੁਲਿਸ ਵੱਲੋਂ ਇੱਕ ਵਿਸ਼ੇਸ਼ ਗ੍ਰੀਨ ਕੋਰੀਡੋਰ ਨਾਂ ਦਾ ਸਿਸਟਮ ਸ਼ੁਰੂ ਕੀਤਾ ਹੈ। ਜਿਸ ਦੇ ਤਹਿਤ ਹੁਣ ਐਮਰਜੈਂਸੀ ਵਾਹਨਾਂ ਨੂੰ ਗ੍ਰੀਨ ਲਾਈਟ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਲਈ ਹੁਣ ਹਰ ਲਾਇਟ ਗ੍ਰੀਨ ਹੀ ਰਹੇਗੀ। ਇਸ ਦੀ ਜਾਣਕਾਰੀ ਖੁਦ ਸੀਪੀ ਸਵਪ੍ਨ ਸ਼ਰਮਾ ਨੇ ਦਿੱਤੀ ਹੈ।
ਇਸ ਸਿਸਟਮ ਦਾ ਇੱਕ ਟ੍ਰਾਇਲ ਰਨ ਚੰਡੀਗੜ੍ਹ ਰੋਡ ‘ਤੇ ਸਫਲਤਾਪੂਰਵਕ ਕੀਤਾ ਗਿਆ ਹੈ। ਜੋ ਕਿ ਜਲਦ ਹੀ ਸ਼ਹਿਰ ਦੇ ਹੋਰ ਮਹੱਤਵਪੂਰਨ ਰੂਟਾਂ ‘ਤੇ ਲਾਗੂ ਹੋਵੇਗਾ। ਸੀਪੀ ਸਵਪਨ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਜਿਵੇਂ ਹੀ ਪੁਲਿਸ ਕੰਟਰੋਲ ਰੂਮ ਦੇ ਅਧਿਕਾਰੀਆਂ ਨੂੰ ਕਿਸੇ ਐਮਰਜੈਂਸੀ ਵਾਹਨ ਬਾਰੇ ਜਾਣਕਾਰੀ ਮਿਲਦੀ ਹੈ, ਉਹ ਇੱਕ ਬਟਨ ਦਬਾਉਣਗੇ। ਇਸ ਨਾਲ ਉਸ ਰੂਟ ‘ਤੇ ਸਾਰੀਆਂ ਟ੍ਰੈਫਿਕ ਲਾਈਟਾਂ ਹਰੇ ਹੋ ਜਾਣਗੀਆਂ। ਇਸ ਨਾਲ ਮਰੀਜ਼ਾਂ ਜਾਂ ਅੰਗਾਂ ਨੂੰ ਟ੍ਰਾਂਸਪਲਾਂਟ ਲਈ ਲਿਜਾਣ ਵਾਲੇ ਵਾਹਨ ਬਿਨਾਂ ਕਿਸੇ ਰੁਕਾਵਟ ਦੇ ਲੰਘ ਸਕਣਗੇ।
ਏਡੀਸੀਪੀ (ਟ੍ਰੈਫਿਕ) ਗੁਰਪ੍ਰੀਤ ਪੁਰੇਵਾਲ ਅਤੇ ਏਸੀਪੀ (ਟ੍ਰੈਫਿਕ) ਜਤਿਨ ਬਾਂਸਲ ਨੇ ਇਸ ਯੋਜਨਾ ਦੀ ਅਗਵਾਈ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਟ੍ਰਾਇਲ ਸਫਲ ਹੋਣ ਤੋਂ ਬਾਅਦ, ਇਸ ਪ੍ਰਣਾਲੀ ਨੂੰ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ।
ਇਹ ਸਿਸਟਮ ਪ੍ਰਸ਼ਾਸਨ ਦੁਆਰਾ ਲਾਗੂ ਕੀਤੇ ਗਏ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ITMS) ਦਾ ਹਿੱਸਾ ਹੈ। ITMS ਦੇ ਤਹਿਤ, ਲੁਧਿਆਣਾ ਵਿੱਚ 42 ਚੌਰਾਹਿਆਂ ‘ਤੇ ਸਮਾਰਟ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਹਨ। ਇਹ ਲਾਈਟਾਂ ਸੈਂਸਰਾਂ ਰਾਹੀਂ ਰੀਅਲ-ਟਾਈਮ ਟ੍ਰੈਫਿਕ ਫਲੋ ਦੇ ਆਧਾਰ ‘ਤੇ ਆਪਣੇ ਸਮੇਂ ਨੂੰ ਅਨੁਕੂਲ ਬਣਾਉਂਦੀਆਂ ਹਨ।
ਨਗਰ ਨਿਗਮ ਜ਼ੋਨ ਡੀ ਦਫਤਰ ਵਿੱਚ ਸਥਿਤ ਕਮਾਂਡ ਸੈਂਟਰ ਤੋਂ ਇਲਾਵਾ, ਲੁਧਿਆਣਾ ਪੁਲਿਸ ਕੰਟਰੋਲ ਰੂਮ ਕੋਲ ਵੀ ਲਾਈਟਾਂ ਤੱਕ ਸਿੱਧੀ ਪਹੁੰਚ ਹੈ। ਪੁਲਿਸ ਸਥਿਤੀ ਦੇ ਅਨੁਸਾਰ ਲਾਈਟਾਂ ਦੀ ਨਿਗਰਾਨੀ ਅਤੇ ਪ੍ਰਬੰਧਨ ਕਰ ਸਕਦੀ ਹੈ।
ਇਸ ਪਹਿਲਕਦਮੀ ਦੇ ਤਹਿਤ, ਐਂਬੂਲੈਂਸਾਂ ਨੂੰ ਸਮਰਾਲਾ ਚੌਕ ਤੋਂ ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਤੱਕ ਇੱਕ ਹਰਾ ਕੋਰੀਡੋਰ ਪ੍ਰਦਾਨ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਰੋਡ ‘ਤੇ ਵਰਧਮਾਨ ਚੌਕ ਅਤੇ ਵੀਰ ਪੈਲੇਸ ਚੌਕ ਵਰਗੇ ਪ੍ਰਮੁੱਖ ਚੌਰਾਹਿਆਂ ‘ਤੇ ਟ੍ਰੈਫਿਕ ਲਾਈਟਾਂ ਨੂੰ ਪੁਲਿਸ ਕੰਟਰੋਲ ਰੂਮ ਤੋਂ ਇੱਕ ਬਟਨ ਦਬਾ ਕੇ ਹਰਾ ਕੀਤਾ ਜਾ ਸਕਦਾ ਹੈ। ਵਾਹਨ ਲੰਘਣ ਤੋਂ ਬਾਅਦ, ਇੱਕ ਹੋਰ ਕਲਿੱਕ ਆਮ ਟ੍ਰੈਫਿਕ ਲਾਈਟ ਸਿਸਟਮ ਨੂੰ ਮੁੜ ਸਰਗਰਮ ਕਰ ਦੇਵੇਗਾ।