ਖਬਰਿਸਤਾਨ ਨੈੱਟਵਰਕ– ਜਲੰਧਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਿ ਇੱਕ ਨੌਜਵਾਨ ਬਾਰਡਰ ਪਾਰ ਕਰ ਕੇ ਪਾਕਿਸਤਾਨ ਪਹੁੰਚ ਗਿਆ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਫੜ ਲਿਆ। ਬਾਅਦ ਵਿੱਚ ਉਨ੍ਹਾਂ ਨੇ ਉਸ ਦੀ ਪਾਕਿਸਤਾਨੀ ਰੇਂਜਰਾਂ ਨਾਲ ਹੱਥਕੜੀ ਵਾਲੀ ਇੱਕ ਫੋਟੋ ਜਾਰੀ ਕੀਤੀ।
ਕਈ ਦਿਨਾਂ ਤੋਂ ਸੀ ਲਾਪਤਾ
ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕਈ ਦਿਨਾਂ ਤੋਂ ਘਰੋਂ ਲਾਪਤਾ ਸੀ। ਉਸ ਦੇ ਪਿਤਾ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪਾਕਿਸਤਾਨ ਵਿੱਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਨੌਜਵਾਨ ਕਿਹੜੇ ਹਾਲਾਤਾਂ ਵਿਚ ਬਾਰਡਰ ਪਾਰ ਕਰ ਗਿਆ ਤੇ ਉਸ ਦਾ ਮਕਸਦ ਕੀ ਹੈ।
ਨੌਜਵਾਨ ਦਾ ਬੈਕਗ੍ਰਾਊਂਡ ਅਪਰਾਧਿਕ
ਪੁਲਸ ਅਨੁਸਾਰ ਨੌਜਵਾਨ ਕੁਝ ਦਿਨ ਪਹਿਲਾਂ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋਇਆ ਸੀ। ਉਸ ਵਿਰੁੱਧ ਝਗੜੇ ਦੇ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਪਿਤਾ ਨੇ ਕੇਂਦਰ ਸਰਕਾਰ ਤੋਂ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਰਿਪੋਰਟਾਂ ਅਨੁਸਾਰ ਜਲੰਧਰ ਦੇ ਸ਼ਾਹਕੋਟ ਦਾ ਇੱਕ ਨੌਜਵਾਨ ਸ਼ਰਨਦੀਪ ਸਿੰਘ ਕੁਝ ਦਿਨ ਪਹਿਲਾਂ ਘਰੋਂ ਗਾਇਬ ਹੋ ਗਿਆ ਸੀ ਅਤੇ ਫਿਰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਵਿਚ ਦਾਖ਼ਲ ਹੋ ਗਿਆ।
ਫਿਰ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਫੜ ਲਿਆ, ਉਸ ਦੀ ਫੋਟੋ ਜਾਰੀ ਕੀਤੀ ਅਤੇ ਕਿਹਾ ਕਿ ਉਸ ਨੂੰ ਕਸੂਰ ਜ਼ਿਲ੍ਹੇ ਦੇ ਸਹਿਜਰਾ ਦੇ ਸਰਹੱਦੀ ਖੇਤਰ ਵਿੱਚ ਫੜਿਆ ਗਿਆ ਸੀ। ਪਾਕਿਸਤਾਨ ਰੇਂਜਰਾਂ ਨੇ ਕਿਹਾ ਕਿ ਉਨ੍ਹਾਂ ਨੇ ਗਸ਼ਤ ਦੌਰਾਨ ਆਪਣੇ ਇਲਾਕੇ ਦੇ ਅੰਦਰ ਸ਼ੱਕੀ ਨੌਜਵਾਨ ਨੂੰ ਪਾਇਆ ਅਤੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਮੁੱਢਲੀ ਪੁੱਛਗਿੱਛ ਤੋਂ ਬਾਅਦ, ਪਾਕਿਸਤਾਨੀ ਰੇਂਜਰਾਂ ਨੇ ਨੌਜਵਾਨ ਨੂੰ ਕਾਨੂੰਨੀ ਕਾਰਵਾਈ ਲਈ ਗੰਡਾ ਸਿੰਘ ਥਾਣੇ ਦੇ ਹਵਾਲੇ ਕਰ ਦਿੱਤਾ।
ਪੁੱਤਰ ਨਸ਼ੇ ਕਾਰਨ ਭਟਕ ਗਿਆ- ਪਰਿਵਾਰ
ਸ਼ਰਨਦੀਪ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਕੁਝ ਦਿਨ ਪਹਿਲਾਂ ਦੋਸਤਾਂ ਨਾਲ ਘਰੋਂ ਚਲਾ ਗਿਆ ਸੀ। ਪਰਿਵਾਰ ਨੇ ਪਹਿਲਾਂ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਭਾਲ ਕੀਤੀ ਪਰ ਜਦੋਂ ਕੋਈ ਜਾਣਕਾਰੀ ਨਾ ਮਿਲੀ ਤਾਂ 8 ਦਸੰਬਰ ਨੂੰ ਸ਼ਾਹਕੋਟ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਬਾਅਦ ਵਿੱਚ ਪਤਾ ਲੱਗਾ ਕਿ ਜਿਸ ਨੌਜਵਾਨ ਨਾਲ ਸ਼ਰਨਦੀਪ ਗਿਆ ਸੀ, ਉਹ ਉਸ ਨੂੰ ਸਰਹੱਦ ਦੇ ਨੇੜੇ ਛੱਡ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸੰਘਣੀ ਧੁੰਦ ਕਾਰਨ, ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਹੋ ਸਕਦਾ ਹੈ।
ਪੁਲਿਸ ਨੇ ਕੀਤੀ ਪੁਸ਼ਟੀ
ਸ਼ਾਹਕੋਟ ਦੇ ਡੀਐਸਪੀ ਸੁਖਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਸ਼ਰਨਦੀਪ ਸਿੰਘ ਪਾਕਿਸਤਾਨ ਪਹੁੰਚ ਗਿਆ ਅਤੇ ਇਸ ਸਮੇਂ ਪਾਕਿਸਤਾਨੀ ਰੇਂਜਰਾਂ ਦੀ ਹਿਰਾਸਤ ਵਿੱਚ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦਾ ਪੰਜਾਬ ਵਿੱਚ ਅਪਰਾਧਿਕ ਰਿਕਾਰਡ ਵੀ ਹੈ ਅਤੇ ਉਸ ਵਿਰੁੱਧ ਦੋ ਮਾਮਲੇ ਦਰਜ ਹਨ। ਪੁਲਿਸ ਉਨ੍ਹਾਂ ਹਾਲਾਤਾਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਹਾਲਾਤਾਂ ਵਿੱਚ ਨੌਜਵਾਨ ਨੇ ਸਰਹੱਦ ਪਾਰ ਕੀਤੀ।