ਖਬਰਿਸਤਾਨ ਨੈੱਟਵਰਕ- ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਤੋਂ 3 ਦਿਨਾਂ ਸ਼ਹੀਦੀ ਜੋੜ ਮੇਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਰਹੰਦ ਵਿਖੇ ਸੰਗਤਾਂ ਦੂਰੋਂ ਦੂਰੋਂ ਮੱਥਾ ਟੇਕਣ ਲਈ ਪੁੱਜ ਰਹੀਆਂ ਹਨ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲ ਉਤੇ ਸੰਗਤਾਂ ਦੀ ਭਾਰੀ ਆਮਦ ਨੂੰ ਮੁੱਖ ਰੱਖਦਿਆਂ ਪੁਲੀਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਫ਼ਤਹਿਗੜ੍ਹ ਸਾਹਿਬ ਨੂੰ ਆਉਂਦੀ ਹਰ ਸੜਕ ’ਤੇ ਸੈਂਕੜੇ ਲੰਗਰ ਚੱਲ ਰਹੇ ਹਨ।
3 ਦਿਨਾਂ ਦੇ ਸਮਾਗਮਾਂ ਦਾ ਵੇਰਵਾ
ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ 25 ਦਸੰਬਰ ਨੂੰ ਸ਼ਹੀਦੀ ਸਭਾ ਦੇ ਪਹਿਲੇ ਦਿਨ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 27 ਦਸੰਬਰ ਨੂੰ ਪੈਣਗੇ। 26 ਦਸੰਬਰ ਦੀ ਰਾਤ ਨੂੰ 9 ਵਜੇ ਕਵੀ ਸਮਾਗਮ ਹੋਵੇਗਾ। 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜੇਗਾ, ਜਿੱਥੇ ਸੋਹਿਲਾ ਸਾਹਿਬ ਦੇ ਪਾਠ ਉਪਰੰਤ ਸਮਾਪਤੀ ਹੋਵੇਗੀ। ਟੋਡਰ ਮੱਲ ਦੀਵਾਨ ਹਾਲ ਵਿੱਚ 28 ਦਸੰਬਰ ਤੱਕ ਦਿਨ-ਰਾਤ ਧਾਰਮਿਕ ਦੀਵਾਨ ਸਜਣਗੇ। ਇਸ ਵਾਰ ਲੰਗਰਾਂ ਨੂੰ ਬਿਲਕੁਲ ਸਾਦਾ ਰੱਖਿਆ ਗਿਆ ਹੈ। ਲੰਗਰਾਂ ਵਿੱਚ ਪ੍ਰਸ਼ਾਦੇ ਨਾਲ ਦਾਲ ਅਤੇ ਸਬਜ਼ੀ ਹੀ ਵਰਤਾਈ ਜਾ ਰਹੀ ਹੈ, ਮਿੱਠੇ ਪਕਵਾਨ ਅਤੇ ਜਲੇਬੀਆਂ ਇਸ ਵਿੱਚ ਸ਼ਾਮਲ ਨਹੀਂ ਕੀਤੇ ਗਏ।
ਹੈਲਪ ਲਾਈਨ ਨੰਬਰ ਜਾਰੀ
ਸ਼੍ਰੋਮਣੀ ਕਮੇਟੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਡੀ ਜੀ ਪੀ (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ, ਡੀ ਆਈ ਜੀ ਨਾਨਕ ਸਿੰਘ ਅਤੇ ਐੱਸ ਐੱਸ ਪੀ ਸ਼ੁਭਮ ਅਗਰਵਾਲ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦੱਸਿਆ ਕਿ ਸੰਗਤ ਲਈ 7 ਡਿਸਪੈਂਸਰੀਆਂ, 20 ਆਮ ਆਦਮੀ ਕਲੀਨਿਕ ਅਤੇ 60 ਐਂਬੂਲੈਂਸਾਂ ਹਰ ਵੇਲੇ ਕਾਰਜਸ਼ੀਲ ਰਹਿਣਗੀਆਂ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਟਿੱਲੇ ’ਤੇ ਇੰਟੇਗਰੇਟਿਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਪੁਲੀਸ, ਪੀ ਐੱਸ ਪੀ ਸੀ ਐੱਲ, ਸਿਹਤ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ 27 ਦਸੰਬਰ ਤੱਕ 24 ਘੰਟੇ ਸੇਵਾਵਾਂ ਦੇਣਗੇ। ਸ਼ਰਧਾਲੂ ਕਿਸੇ ਵੀ ਮੁਸ਼ਕਲ ਲਈ ਹੈਲਪ ਲਾਈਨ ਨੰਬਰ 01763-232838 ’ਤੇ ਸੰਪਰਕ ਕਰ ਸਕਦੇ ਹਨ।
ਆਮ ਖਾਸ ਬਾਗ ’ਚ ਹੋਵੇਗਾ ਨਾਟਕ ‘ਸਰਬੰਸਦਾਨੀ’ ਦਾ ਮੰਚਨ
ਜ਼ਿਲ੍ਹਾ ਕੰਪਲੈਕਸ ਵਿੱਚ 25 ਤੇ 26 ਦਸੰਬਰ ਨੂੰ ਖੂਨਦਾਨ ਕੈਂਪ ਲਾਇਆ ਜਾਵੇਗਾ। 25 ਤੇ 26 ਦਸੰਬਰ ਨੂੰ ਆਮ ਖਾਸ ਬਾਗ ਸਰਹਿੰਦ ਵਿੱਚ ਸ਼ਾਮ 6 ਤੋਂ 7 ਵਜੇ ਤੱਕ ਸਿੱਖ ਇਤਿਹਾਸ ਨੂੰ ਦਰਸਾਉਂਦੇ ਨਾਟਕ ‘ਸਰਬੰਸਦਾਨੀ’ ਦਾ ਮੰਚਨ ਕੀਤਾ ਜਾਵੇਗਾ। ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਦਰਬਾਰਾ ਸਿੰਘ ਗੁਰੂ, ਸਰਨਜੀਤ ਸਿੰਘ ਚਨਾਰਥਲ ਤੇ ਬਲਜੀਤ ਸਿੰਘ ਭੁੱਟਾ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸੰਗਤ ਨੂੰ ਹਰ ਸਹੂਲਤ ਦੇਣ ਦਾ ਭਰੋਸਾ ਦਿੱਤਾ ਹੈ।
ਸਰਹੰਦ ਰੇਲਵੇ ਸਟੇਸ਼ਨ ਉਤੇ 14 ਟਰੇਨਾਂ ਦਾ ਹੋਵੇਗਾ ਅਸਥਾਈ ਸਟਾਪੇਜ
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਉੱਤਰੀ ਰੇਲਵੇ ਨੇ ਵੱਡਾ ਫੈਸਲਾ ਲੈਂਦਿਆਂ 25 ਤੋਂ 27 ਦਸੰਬਰ ਤੱਕ ਤਿੰਨ ਦਿਨਾਂ ਲਈ ਸਰਹਿੰਦ ਸਟੇਸ਼ਨ ‘ਤੇ 2 ਮਿੰਟ ਲਈ 14 ਐਕਸਪ੍ਰੈਸ ਰੇਲਗੱਡੀਆਂ ਦਾ ਅਸਥਾਈ ਸਟਾਪੇਜ ਦਿੱਤਾ ਹੈ। ਇਹ ਫੈਸਲਾ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਲਿਆ ਗਿਆ ਹੈ।
ਸਰਹੰਦ ਰੇਲਵੇ ਸਟੇਸ਼ਨ ਤੋਂ ਫ੍ਰੀ ਸ਼ਟਲ ਬੱਸ ਦੀ ਸਹੂਲਤ
ਰੇਲਵੇ ਨੇ ਇਹ ਫੈਸਲਾ ਸੰਗਤਾਂ ਦੀ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਰੇਲਵੇ ਵੱਲੋਂ ਸਰਹਿੰਦ ਰੇਲਵੇ ਸਟੇਸ਼ਨ ’ਤੇ ਆਮ ਦਿਨਾਂ ਵਿੱਚ ਨਾ ਰੁਕਣ ਵਾਲੀਆਂ 14 ਮੇਲ/ਐਕਸਪ੍ਰੈਸ ਰੇਲਗੱਡੀਆਂ ਨੂੰ ਅਸਥਾਈ ਤੌਰ ’ਤੇ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਦੌਰਾਨ ਦੇਸ਼ ਅਤੇ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਫਤਿਹਗੜ੍ਹ ਸਾਹਿਬ ਪਹੁੰਚਦੇ ਹਨ। ਇਸ ਨੂੰ ਦੇਖਦੇ ਹੋਏ ਯਾਤਰੀਆਂ ਦੀ ਸੁਵਿਧਾ ਲਈ 25 ਤੋਂ 27 ਦਸੰਬਰ ਤੱਕ ਇਨ੍ਹਾਂ ਰੇਲਗੱਡੀਆਂ ਨੂੰ ਸਰਹਿੰਦ ਸਟੇਸ਼ਨ ’ਤੇ ਦੋ ਮਿੰਟ ਦਾ ਅਸਥਾਈ ਠਹਿਰਾਉ ਦਿੱਤਾ ਜਾਵੇਗਾ, ਤਾਂ ਜੋ ਸ਼ਰਧਾਲੂ ਆਸਾਨੀ ਨਾਲ ਚੜ੍ਹ ਅਤੇ ਉਤਰ ਸਕਣ।ਪੰਜਾਬ ਸਰਕਾਰ ਵੱਲੋਂ ਸਰਹਿੰਦ ਰੇਲਵੇ ਸਟੇਸ਼ਨ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੱਕ ਸ਼ਟਲ ਬੱਸ ਸੇਵਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਰੇਲਗੱਡੀਆਂ ਰਾਹੀਂ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।
ਇਨ੍ਹਾਂ 14 ਰੇਲਗੱਡੀਆਂ ਦਾ ਹੋਵੇਗਾ ਸਟਾਪੇਜ
25 ਤੋਂ 27 ਦਸੰਬਰ ਤੱਕ ਸਰਹਿੰਦ ਸਟੇਸ਼ਨ ’ਤੇ ਦੋ ਮਿੰਟ ਲਈ ਰੁਕਣ ਵਾਲੀਆਂ ਰੇਲਗੱਡੀਆਂ ਵਿੱਚ ਵਾਰਾਣਸੀ–ਜੰਮੂ ਤਵੀ ਐਕਸਪ੍ਰੈਸ (12237), ਦੁਰਗ–ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਐਕਸਪ੍ਰੈਸ (20847), ਸਿਆਲਦਾਹ–ਅੰਮ੍ਰਿਤਸਰ ਐਕਸਪ੍ਰੈਸ (12379), ਨਿਊ ਜਲਪਾਈਗੁੜੀ–ਅੰਮ੍ਰਿਤਸਰ ਐਕਸਪ੍ਰੈਸ (12407), ਨਿਊ ਤਿਨਸੁਕੀਆ–ਅੰਮ੍ਰਿਤਸਰ ਐਕਸਪ੍ਰੈਸ (15933), ਵਿਸ਼ਾਖਾਪਟਨਮ–ਅੰਮ੍ਰਿਤਸਰ ਐਕਸਪ੍ਰੈਸ (20807) ਅਤੇ ਬਾਂਦਰਾ ਟਰਮੀਨਸ–ਅੰਮ੍ਰਿਤਸਰ ਐਕਸਪ੍ਰੈਸ (12903) ਸ਼ਾਮਲ ਹਨ।
ਇਸ ਤੋਂ ਇਲਾਵਾ ਅੰਮ੍ਰਿਤਸਰ–ਕੋਲਕਾਤਾ ਟਰਮੀਨਲ ਐਕਸਪ੍ਰੈਸ (12358), ਜੰਮੂ ਤਵੀ–ਦੁਰਗ ਐਕਸਪ੍ਰੈਸ (12550), ਅੰਮ੍ਰਿਤਸਰ–ਨਿਊ ਜਲਪਾਈਗੁੜੀ ਐਕਸਪ੍ਰੈਸ (12408), ਅੰਮ੍ਰਿਤਸਰ–ਟਾਟਾਨਗਰ ਐਕਸਪ੍ਰੈਸ (18104), ਅੰਮ੍ਰਿਤਸਰ–ਨਵੀਂ ਦਿੱਲੀ ਐਕਸਪ੍ਰੈਸ (12498), ਜੰਮੂ ਤਵੀ–ਵਾਰਾਣਸੀ ਐਕਸਪ੍ਰੈਸ (12238) ਅਤੇ ਅੰਮ੍ਰਿਤਸਰ–ਮੁੰਬਈ ਸੈਂਟਰਲ ਐਕਸਪ੍ਰੈਸ (12904) ਨੂੰ ਵੀ ਸਰਹਿੰਦ ਰੇਲਵੇ ਸਟੇਸ਼ਨ ’ਤੇ ਅਸਥਾਈ ਤੌਰ ’ਤੇ ਦੋ ਮਿੰਟ ਲਈ ਰੁਕਣਾ ਪਵੇਗਾ।