ਪਟਿਆਲਾ ਪੁਲਿਸ ਨੂੰ ਗੈਂਗਸਟਰ ਅਤੇ ਆਰਗਨਾਈਜ਼ਡ ਕ੍ਰਾਈਮ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਵੱਡੀ ਸਫਲਤਾ ਮਿਲੀ। ਲੱਕੀ ਪਟਿਆਲ ਗੈਂਗ ਨਾਲ ਜੁੜੇ ਇੱਕ ਸ਼ੂਟਰ ਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਨੇ ਪੁਲਿਸ ‘ਤੇ ਗੋਲੀਆਂ ਚਲਾਈਆਂ, ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਅਤੇ ਅਪਰਾਧੀ ਜ਼ਖਮੀ ਹੋ ਗਿਆ। ਉਸ ਨੂੰ ਪਟਿਆਲਾ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਪੁਲਿਸ ਨੇ ਮੌਕੇ ਤੋਂ ਪਿਸਟਲ ਅਤੇ ਘਟਨਾਵਾਂ ਵਿੱਚ ਵਰਤੀ ਗਈ ਚੋਰੀ ਦੀ ਮੋਟਰਸਾਈਕਲ ਵੀ ਜ਼ਬਤ ਕੀਤੀ। ਦੱਸਿਆ ਗਿਆ ਹੈ ਕਿ ਅਪਰਾਧੀ ਪਹਿਲਾਂ ਤੋਂ ਹੀ ਕਈ ਮਾਮਲਿਆਂ ਵਿੱਚ ਸ਼ਾਮਿਲ ਹੈ। ਪਹਿਲਾ ਮਾਮਲਾ ਰਾਜਪੁਰਾ ਵਿੱਚ “ਭਰਾਵਾਂ ਦਾ ਢਾਬਾ” ਦੇ ਮਾਲਕ ‘ਤੇ ਗੋਲੀਬਾਰੀ ਨਾਲ ਸਬੰਧਤ ਸੀ, ਜਿੱਥੇ ਲੱਕੀ ਪਟਿਆਲ ਗੈਂਗ ਵੱਲੋਂ ਵੱਡੀ ਫਿਰੌਤੀ ਮੰਗੀ ਗਈ ਸੀ। ਦੂਜਾ ਮਾਮਲਾ ਪਾਤੜਾਂ ਖੇਤਰ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਫਾਰਮ ਹਾਊਸ ‘ਤੇ ਗੋਲੀਬਾਰੀ ਅਤੇ ਫਿਰੌਤੀ ਮੰਗਣ ਦਾ ਸੀ। ਦੋਵਾਂ ਘਟਨਾਵਾਂ ਤੋਂ ਬਾਅਦ, ਪੁਲਿਸ ਟੀਮਾਂ ਲਗਾਤਾਰ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਸਨ।
ਪਟਿਆਲਾ ਪੁਲਿਸ ਨੇ ਵਪਾਰੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਫਿਰੌਤੀ ਦੀ ਕਾਲ ਆਵੇ, ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿਓ। ਪੁਲਿਸ ਕੋਲ ਇਹਨਾਂ ਮਾਮਲਿਆਂ ਨੂੰ ਟਰੇਸ ਕਰਨ ਲਈ ਮਜ਼ਬੂਤ ਤਕਨਾਲੋਜੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।