ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਸ਼ਹਿਰ ਵਿੱਚ ਹੜਕੰਪ ਮਚ ਗਿਆ। ਧਮਕੀ ਮਿਲਦੇ ਹੀ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਅਤੇ ਅਦਾਲਤ ਕੰਪਲੈਕਸ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਗਿਆ।
ਸੂਚਨਾ ਮਿਲਣ ਉਪਰੰਤ ਸਥਾਨਕ ਪੁਲਿਸ, ਉੱਚ ਅਧਿਕਾਰੀ, ਬੰਬ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਅਦਾਲਤ ਦੇ ਦੋਵੇਂ ਮੁੱਖ ਗੇਟ ਬੰਦ ਕਰਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਤੇ ਦਾਖ਼ਲਾ ਤੇ ਨਿਕਾਸ ਬਿੰਦੂਆਂ ’ਤੇ ਸਖ਼ਤ ਚੌਕਸੀ ਬਰਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ, ਅਦਾਲਤ ਨੂੰ ਉਡਾਉਣ ਦੀ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ, ਜਿਸ ਵਿੱਚ ਡਰੋਨ ਦੀ ਮਦਦ ਨਾਲ ਬੰਬ ਧਮਾਕੇ ਦੀ ਗੱਲ ਕਹੀ ਗਈ ਹੈ। ਇਸ ਤੋਂ ਬਾਅਦ ਬੰਬ ਸਕੁਐਡ ਵੱਲੋਂ ਪੂਰੇ ਅਦਾਲਤੀ ਕੰਪਲੈਕਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ, ਅਦਾਲਤ ਕੰਪਲੈਕਸ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।