ਖਬਰਿਸਤਾਨ ਨੈੱਟਵਰਕ– ਪਟਿਆਲਾ ਵਿਚ ਪਤਨੀ ਵਲੋਂ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟ ਮੁਤਾਬਕ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਕੁਲਾਰਾਂ ਵਿਚ ਕਾਤਲ ਪਤਨੀ ਨੇ ਅੱਧੀ ਰਾਤ ਵੇਲੇ ਗਲਾ ਘੁੱਟ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਪਤਨੀ ਦਾ ਹੋਇਆ ਸੀ ਦੂਜਾ ਵਿਆਹ
ਮਾਮਲੇ ਦੇ ਜਾਂਚ ਮੁਖੀ ਸਹਾਇਕ ਬਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਤਮਾ ਸਿੰਘ (38) ਦੇ ਪਿਤਾ ਹੰਸਾ ਸਿੰਘ ਅਨੁਸਾਰ ਉਸ ਦੇ ਲੜਕੇ ਦਾ ਵਿਆਹ 3 ਸਾਲ ਪਹਿਲਾਂ ਰਾਣੀ ਕੌਰ ਨਿਵਾਸੀ ਪਿੰਡ ਸ਼ਾਹਪੁਰ ਨਾਲ ਹੋਇਆ ਸੀ। ਰਾਣੀ ਕੌਰ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇਕ ਪੁੱਤਰ ਹੈ।
ਪਿਤਾ ਅਨੁਸਾਰ ਇਲੈਕਟ੍ਰਿਕ ਆਟੋ ਰਿਕਸ਼ਾ ਚਲਾਉਣ ਵਾਲੀ ਨੂੰਹ ਰਾਣੀ ਕੌਰ ਅਕਸਰ ਉਸ ਦੇ ਪੁੱਤਰ ਨਾਲ ਝਗੜਾ ਕਰਦੀ ਰਹਿੰਦੀ ਸੀ। ਸ਼ਨੀਵਾਰ ਦੇਰ ਰਾਤ ਜਦੋਂ ਘਰ ਵਿਚੋਂ ਰੌਲਾ ਸੁਣ ਕੇ ਹੰਸਾ ਸਿੰਘ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਰਾਣੀ ਕੌਰ ਕਮਰੇ ਵਿਚ ਡਰੀ ਹੋਈ ਖੜ੍ਹੀ ਸੀ, ਜਦੋਂ ਉਸ ਨੇ ਆਤਮਾ ਸਿੰਘ ਨੂੰ ਦੇਖਿਆ ਤਾਂ ਉਹ ਮਰ ਚੁੱਕਿਆ ਸੀ।
ਪਿਤਾ ਅਨੁਸਾਰ ਉਸ ਦੀ ਨੂੰਹ ਨੇ ਕਬੂਲ ਕੀਤਾ ਕਿ ਉਸ ਨੇ ਹੀ ਆਤਮਾ ਸਿੰਘ ਨੂੰ ਮਾਰਿਆ ਹੈ। ਅਧਿਕਾਰੀ ਅਨੁਸਾਰ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।