ਅੰਮ੍ਰਿਤਸਰ ਦੇ ਮੈਰੀ ਗੋਲਡ ਰਿਜ਼ੋਰਟ ‘ਚ ਆਮ ਆਦਮੀ ਪਾਰਟੀ (AAP) ਦੇ ਸਰਪੰਚ ਦਾ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਜਿਸ ਦੀ ਹੁਣ ਸੀਸੀਟੀਵੀ ਵੀ ਸਾਹਮਣੇ ਆਈ ਹੈ। ਅਚਾਨਕ ਹੋਈ ਇਸ ਵਾਰਦਾਤ ਨਾਲ ਵਿਆਹ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਹ ਵਿਆਹ ਸਮਾਗਮ ਵਿੱਚ ਲੜਕੀ ਪੱਖ ਵੱਲੋਂ ਸ਼ਾਮਲ ਹੋਣ ਆਏ ਸਨ। ਇਸ ਵਾਰਦਾਤ ਦੌਰਾਨ ਸਮਾਗਮ ‘ਚ ਆਪ MLA ਸਰਵਣ ਸਿੰਘ ਵੀ ਸ਼ਾਮਲ ਸਨ।
ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਸਨ ਮੌਜੂਦਾ ਸਰਪੰਚ
ਦੱਸ ਦੇਈਏ ਕਿ ਸਰਪੰਚ ਜਰਮਲ ਸਿੰਘ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੈਰੀ ਗੋਲਡ ਰਿਜ਼ੋਰਟ ਪਹੁੰਚੇ ਹੋਏ ਸਨ ਅਤੇ ਮਹਿਮਾਨਾਂ ਨਾਲ ਮੇਜ਼ ‘ਤੇ ਬੈਠ ਕੇ ਖਾਣਾ ਖਾ ਰਹੇ ਸਨ। ਇਸ ਦੌਰਾਨ ਹੀ ਹਥਿਆਰਾਂ ਨਾਲ ਲੈਸ ਦੋ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮ੍ਰਿਤਕ ਜਰਮਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਵਲਟੋਹਾ ਪਿੰਡ ਦੇ ਰਹਿਣ ਵਾਲੇ ਸਨ ਅਤੇ ਮੌਜੂਦਾ ਸਰਪੰਚ ਸਨ।

ਸੀਸੀਟੀਵੀ ਫੁੱਟੇਜ ‘ਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਬੇਖੌਫ ਅੰਦਾਜ਼ ਵਿੱਚ ਪੈਲੇਸ ਦੇ ਅੰਦਰ ਦਾਖਲ ਹੁੰਦੇ ਹਨ। ਪਹਿਲਾ ਸ਼ੂਟਰ ਕਾਲਾ ਹੂਡੀ ਪਹਿਨ ਕੇ ਆਪਣੇ ਟਾਰਗਿੱਟ ਵੱਲ ਵੱਧਦੇ ਹੋਏ ਪੀਲੀ ਪੱਗ ਬੰਨ੍ਹ ਕੇ ਮੇਜ਼ ‘ਤੇ ਬੈਠਾ ਖਾਣਾ ਖਾ ਰਹੇ ਸਰਪੰਚ ਦੇ ਪਿੱਛੇ ਤੋਂ ਕੋਲ ਆਉਂਦਾ ਹੈ ਅਤੇ ਉਨ੍ਹਾਂ ਦੇ ਸਿਰ ਵਿੱਚ ਗੋਲੀ ਮਾਰ ਦਿੰਦਾ ਹੈ। ਤੁਰੰਤ ਬਾਅਦ ਹੀ ਉਸਦੇ ਪਿੱਛੇ ਖੜ੍ਹਾ ਦੂਜਾ ਹਮਲਾਵਰ ਵੀ ਗੋਲੀਬਾਰੀ ਕਰਦਾ ਹੈ।
ਕੋਈ ਤੀਜਾ ਵਿਅਕਤੀ ਦੇ ਰਿਹਾ ਸੀ ਫੋਨ ‘ਤੇ ਜਾਣਕਾਰੀ
ਪੁਲਿਸ ਦੇ ਹੱਥ ਲੱਗੀ ਵੀਡੀਓ ਨੂੰ ਵੇਖ ਕੇ ਇਹ ਸ਼ੰਕਾ ਜਤਾਈ ਗਈ ਹੈ ਕਿ ਕੋਈ ਤੀਜਾ ਵਿਅਕਤੀ ਫ਼ੋਨ ਕਾਲ ਕਰਕੇ ਦੋਵੇਂ ਬਦਮਾਸ਼ਾਂ ਨੂੰ ਜਾਣਕਾਰੀ ਦੇ ਰਿਹਾ ਸੀ। ਇਹ ਵਿਅਕਤੀ ਮੈਰਿਜ ਪੈਲੇਸ ਦੇ ਅੰਦਰ ਬੈਠਾ ਕੋਈ ਆਦਮੀ ਵੀ ਹੋ ਸਕਦਾ ਹੈ ਜਾਂ ਕੋਈ ਬਾਹਰ ਮੌਜੂਦ ਵਿਅਕਤੀ ਵੀ। ਪੁਲਿਸ ਦਾ ਮੰਨਣਾ ਹੈ ਕਿ ਇਹ ਕਾਲ ਸੰਭਵਤ: ਮੈਰਿਜ ਪੈਲੇਸ ਦੇ ਅੰਦਰ ਬੈਠੇ ਵਿਅਕਤੀ ਵੱਲੋਂ ਹੀ ਕੀਤੀ ਜਾ ਰਹੀ ਸੀ, ਜੋ ਸਰਪੰਚ ਦੀ ਪੂਰੀ ਲੋਕੇਸ਼ਨ ਬਦਮਾਸ਼ਾਂ ਨੂੰ ਦੱਸ ਰਿਹਾ ਸੀ।
ਪੁਲਿਸ ਵੱਲੋਂ ਪੇਸ਼ੇਵਰ ਸ਼ੂਟਰ ਹੋਣ ਦਾ ਲਗਾਇਆ ਜਾਂ ਰਿਹਾ ਅੰਦਾਜ਼ਾ
ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਸ਼ੂਟਰ ਪੇਸ਼ੇਵਰ ਸਨ, ਕਿਉਂਕਿ ਜਿਸ ਤਰੀਕੇ ਨਾਲ ਉਨ੍ਹਾਂ ਨੇ ਗੋਲੀ ਚਲਾਈ ਅਤੇ ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਕੋਈ ਘਬਰਾਹਟ ਨਹੀਂ ਦਿਖਾਈ, ਉਹ ਪੇਸ਼ੇਵਰ ਹੋਣ ਦੇ ਹੀ ਸੰਕੇਤ ਹਨ। ਨਕਾਬ ਨਾ ਪਹਿਨਣਾ ਵੀ ਇਸੀ ਗੱਲ ਵੱਲ ਇਸ਼ਾਰਾ ਕਰਦਾ ਹੈ। ਅੰਮ੍ਰਿਤਸਰ ਪੁਲਿਸ ਨੇ ਇਸ ਸਬੰਧ ਵਿੱਚ ਤਰਨਤਾਰਨ ਪੁਲਿਸ ਤੋਂ ਵੀ ਅਪਡੇਟ ਲਈ ਹੈ। ਹਾਲਾਂਕਿ ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਗੈਂਗਸਟਰ ਡੋਨੀ ਬੱਲ ਅਤੇ ਪ੍ਰਭ ਦਸੂਵਾਲ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਸਰਪੰਚ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਪਰ ਪੁਲਿਸ ਹਾਲੇ ਵੀ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ।