ਜਲੰਧਰ ਕੈਂਟ ਤੋਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਪੰਜਾਬ ਵਿੱਚ ਵਿਗੜ ਰਹੀ ਕਾਨੂੰਨੀ ਵਿਵਸਥਾ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ 4-5 ਅਪਰਾਧਿਕ ਘਟਨਾਵਾਂ ਹ ਵਾਪਰ ਰਹੀਆਂ ਹਨ ਅਤੇ ਬਦਮਾਸ਼ ਬੇਖੌਫ਼ ਹੋ ਕੇ ਹੱਤਿਆ ਵਰਗੀਆਂ ਗੰਭੀਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅੰਮ੍ਰਿਤਸਰ ‘ਚ ਵਿਆਹ ਸਮਾਰੋਹ ਦੌਰਾਨ ਸਰਪੰਚ ਦੀ ਕਤਲ ਤੋਂ ਬਾਅਦ ਉਨ੍ਹਾਂ ਨੇ ਵੀਡੀਉ ਜਾਰੀ ਕਰ ਕਈ ਗੰਭੀਰ ਮੁੱਦਿਆਂ ਬਾਰੇ ਗੱਲ ਕੀਤੀ ਹੈ।
ਉਹਨਾਂ ਨੇ ਕਿਹਾ ਕਿ ਜਿੱਥੇ ਅਪਰਾਧੀ ਹੱਤਿਆਆਂ ਵਰਗੀਆਂ ਘਟਨਾਵਾਂ ਕਰ ਰਹੇ ਹਨ, ਉੱਥੇ ਪੰਜਾਬ ਸਰਕਾਰ ਸੁੱਤੀ ਹੋਈ ਹੈ। ਉਹਨਾਂ ਨੇ ਕਿਹਾ ਕਿ ਜੋ ਮਾਹੌਲ ਹੁਣ ਪੰਜਾਬ ਵਿੱਚ ਬਣਿਆ ਹੈ, ਉਹ ਪਹਿਲਾਂ ਕਦੇ ਨਹੀਂ ਦੇਖਿਆ। ਇਸ ਤੋਂ ਇਲਾਵਾ ਰਾਮ ਰਹੀਮ ਨੂੰ ਦਿੱਤੀ ਗਈ 40 ਦਿਨ ਦੀ ਪੈਰੋਲ ਬਾਰੇ ਵੀ ਟਿੱਪਣੀ ਕੀਤੀ। ਮੁੱਖ ਮੰਤਰੀ ਵੱਲੋਂ ਪ੍ਰੋਸੀਕਿਊਸ਼ਨ ਸੈਂਕਸ਼ਨ (Prosecution Sanction) ਦੀ ਗੱਲ ਤਾਂ ਕਹੀ ਗਈ ਸੀ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਜਦਕਿ ਹਰਿਆਣਾ ਦੀ ਭਾਜਪਾ ਸਰਕਾਰ ਉਸ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ। ਪ੍ਰਗਟ ਸਿੰਘ ਨੇ ਦੋਹਾਂ ਪਾਰਟੀਆਂ ਬਾਰੇ ਕਹਿੰਦੇ ਹੋਏ ਕਿਹਾ ਕਿ ਇਹ AAP ਅਤੇ BJP ਮਿਲ ਕੇ ਟੀਮ A ਅਤੇ ਟੀਮ B ਵਜੋਂ ਕੰਮ ਕਰ ਰਹੀਆਂ ਹਨ ਤੇ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ।