ਭੋਗਪੁਰ ਸ਼ੂਗਰ ਮਿੱਲ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਨੂੰ ਲੈ ਕੇ ਅੱਜ ਇਕ ਵਾਰ ਫਿਰ ਵਿਵਾਦ ਖੜਾ ਹੋ ਗਿਆ। ਅੱਜ ਮਿੱਲ ਵਿੱਚ ਸੀਐਨਜੀ ਪਲਾਂਟ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ, ਜਿਸ ਕਾਰਨ ਭੋਗਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ।
ਜਿਵੇਂ ਹੀ ਪਲਾਂਟ ਦਾ ਕੰਮ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ, ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ ਭੋਗਪੁਰ ਦੇ ਦੁਕਾਨਦਾਰ ਅਤੇ ਸਥਾਨਕ ਨਿਵਾਸੀ ਵਿਰੋਧ ਕਰਨ ਲਈ ਮਿੱਲ ਵੱਲ ਰਵਾਨਾ ਹੋ ਗਏ। ਪਰ ਪੁਲਿਸ ਨੇ ਉਨ੍ਹਾਂ ਨੂੰ ਭੋਗਪੁਰ ਟੀ-ਪੁਆਇੰਟ ‘ਤੇ ਹੀ ਰੋਕ ਲਿਆ ਅਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਅਤੇ ਐਸਡੀਐਮ ਜਲੰਧਰ-2 ਵੱਲੋਂ ਲਿਖਤੀ ਹੁਕਮ ਵੀ ਹਨ ਕਿ ਕੰਮ ਸ਼ੁਰੂ ਨਾ ਕੀਤਾ ਜਾਵੇ, ਫਿਰ ਵੀ ਪ੍ਰਸ਼ਾਸਨ ਵੱਲੋਂ ਪਲਾਂਟ ਦਾ ਕੰਮ ਚਲਾਇਆ ਜਾ ਰਿਹਾ ਹੈ।
ਇਸ ਦੌਰਾਨ ਮੌਕੇ ‘ਤੇ ਕਾਫ਼ੀ ਹੰਗਾਮਾ ਹੋਇਆ। ਵਿਧਾਇਕ ਅਤੇ ਪੁਲਿਸ ਵਿਚਾਲੇ ਬਹਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਝ ਲੋਕਾਂ ਵੱਲੋਂ ਚੱਕਾ ਜਾਮ ਕੀਤਾ ਜਾ ਰਿਹਾ ਸੀ, ਜਿਸ ਨਾਲ ਮਾਹੌਲ ਖ਼ਰਾਬ ਹੋ ਸਕਦਾ ਸੀ, ਇਸ ਲਈ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ।