ਖਬਰਿਸਤਾਨ ਨੈੱਟਵਰਕ- “ਜਦੋਂ ਮੈਂ ਤੁਹਾਨੂੰ ਨਾ ਵੀ ਮਿਲਾਂ, ਤਾਂ ਯਾਦ ਰੱਖੋ ਕਿ ਮੈਂ ਕਿਸੇ ਹੋਰ ਥਾਂ ਤੁਹਾਡੇ ਲਈ ਕੰਮ ਕਰ ਰਿਹਾ ਹਾਂ। ਮੇਰਾ ਹਰ ਵੇਲੇ ਤੁਹਾਡੇ ਸਾਹਮਣੇ ਹੋਣਾ ਲਾਜ਼ਮੀ ਨਹੀਂ ਕਿ ਤੁਹਾਡੀ ਮਦਦ ਕਰੇ। ਡੂੰਘੀ ਅਤੇ ਨਿਯਮਿਤ ਧਿਆਨ ਸਾਧਨਾ ਰਾਹੀਂ, ਤੁਸੀਂ ਵਧੇਰੇ ਪ੍ਰਾਪਤ ਕਰੋਗੇ । ਮੈਂ ਇੱਥੇ ਕੇਵਲ ਇਸ ਜੀਵਨ ਵਿੱਚ ਹੀ ਤੁਹਾਡੀ ਮਦਦ ਕਰਨ ਲਈ ਨਹੀਂ ਹਾਂ, ਸਗੋਂ ਪਰਲੋਕ ਵਿੱਚ ਵੀ।”
— ਸ੍ਰੀ ਸ੍ਰੀ ਪਰਮਹੰਸ ਯੋਗਾਨੰਦ
ਅੱਜ, ਉਨ੍ਹਾਂ ਦੇ ਜਨਮ ਦਿਨ ਮੌਕੇ, ਪਰਮਹੰਸ ਯੋਗਾਨੰਦ ਜੀ ਦੇ ਇਹ ਸ਼ਬਦ ਸਾਨੂੰ ਇਹ ਭਰੋਸਾ ਦਿਵਾਉਂਦੇ ਹਨ ਕਿ ਗੁਰੂ ਅਤੇ ਸ਼ਾਗਿਰਦ ਦੇ ਵਿਚਕਾਰ ਦਾ ਸੱਚਾ ਬੰਧਨ ਡੂੰਘੇ ਧਿਆਨ, ਅਟੱਲ ਸ਼ਰਧਾ ਅਤੇ ਰੂਹਾਨੀ ਕਿਰਪਾ ਨਾਲ ਬਣਿਆ ਹੈ, ਸਰੀਰਕ ਹਾਜ਼ਰੀ ਤੋਂ ਪਰੇ ਅਤੇ ਇਸ ਧਰਤੀ ਦੇ ਜੀਵਨ ਤੋਂ ਵੀ ਪਰੇ।
ਯੋਗਾਨੰਦ ਜੀ ਦਾ ਜਨਮ 5 ਜਨਵਰੀ 1893 ਨੂੰ ਗੋਰਖਪੁਰ, ਭਾਰਤ ਵਿੱਚ ਹੋਇਆ। ਉਨ੍ਹਾਂ ਦਾ ਨਾਂ ਮੁਕੁੰਦ ਲਾਲ ਘੋਸ਼ ਰੱਖਿਆ ਗਿਆ । ਉਨ੍ਹਾਂ ਦੇ ਮਾਪੇ, ਭਗਵਤੀ ਚਰਨ ਘੋਸ਼ ਅਤੇ ਗਿਆਨ ਪ੍ਰਭਾ ਘੋਸ਼ ਅਧਿਆਤਮਿਕ ਸ਼ਰਧਾਲੂ ਸਨ। ਬਚਪਨ ਤੋਂ ਹੀ ਮੁਕੁੰਦ ਦਾ ਮਨ ਪ੍ਰਾਰਥਨਾ ਅਤੇ ਧਿਆਨ ਵੱਲ ਆਕਰਸ਼ਿਤ ਸੀ ਅਤੇ ਉਨ੍ਹਾਂ ਨੇ ਬਚਪਨ ਵਿੱਚ ਹੀ ਡੂੰਘੀਆਂ ਆਤਮਿਕ ਅਵਸਥਾਵਾਂ ਦਾ ਅਨੁਭਵ ਕੀਤਾ, ਜਿਵੇਂ ਰੱਬੀ ਪ੍ਰਕਾਸ਼ ਦੇ ਦਰਸ਼ਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਬਾਅਦ ਵਿੱਚ ਇੱਕ ਯੋਗੀ ਦੀ ਆਤਮਕਥਾ ਵਿੱਚ ਵਰਨਣ ਕੀਤਾ ਕਿ ਇਨ੍ਹਾਂ ਅਨੁਭਵਾਂ ਨੇ ਉਨ੍ਹਾਂ ਦੇ ਜੀਵਨ ਦਾ ਰੁਖ ਸਦਾ ਲਈ ਪਰਮਾਤਮਾ ਦੀ ਖੋਜ ਵੱਲ ਮੋੜ ਦਿੱਤਾ।
ਉਮਰ ਦੇ ਨਾਲ-ਨਾਲ ਇਹ ਤਾਂਘ ਹੋਰ ਵੀ ਗਹਿਰੀ ਹੋਈ ਅਤੇ ਪਰਮਾਤਮਾ ਦੀ ਤੀਬਰ ਖੋਜ ਵਿੱਚ ਬਦਲ ਗਈ। ਕਿਸ਼ੋਰ ਅਵਸਥਾ ਵਿੱਚ ਹੀ ਮੁਕੁੰਦ ਨੇ ਕਈ ਵਾਰ ਹਿਮਾਲਿਆ ਪਹਾੜਾਂ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਇਹ ਵਿਸ਼ਵਾਸ ਕਰਦੇ ਹੋਏ ਕਿ ਉੱਥੇ ਮਹਾਨ ਸੰਤ ਵੱਸਦੇ ਹਨ ਜੋ ਉਨ੍ਹਾਂ ਨੂੰ ਅਧਿਆਤਮਿਕ ਸਾਕਸ਼ਾਤਕਾਰ ਵੱਲ ਲੈ ਜਾ ਸਕਦੇ ਹਨ। ਭਾਵੇਂ ਇਹ ਯਾਤਰਾਵਾਂ ਬਾਹਰੀ ਤੌਰ ’ਤੇ ਸਫਲ ਨਾ ਹੋ ਸਕੀਆਂ, ਪਰ ਇਨ੍ਹਾਂ ਨੇ ਉਨ੍ਹਾਂ ਦੀ ਸ਼ਰਧਾ ਅਤੇ ਦ੍ਰਿੜ ਨਿਸ਼ਚੇ ਨੂੰ ਹੋਰ ਮਜ਼ਬੂਤ ਕੀਤਾ।
1910 ਵਿੱਚ, ਸਤਾਰਾਂ ਸਾਲ ਦੀ ਉਮਰ ਵਿੱਚ, ਉਨ੍ਹਾਂ ਦੀ ਪ੍ਰਾਰਥਨਾ ਫਲਿਤ ਹੋਈ ਜਦੋਂ ਉਨ੍ਹਾਂ ਦੀ ਮੁਲਾਕਾਤ ਸਵਾਮੀ ਸ੍ਰੀ ਯੁਕਤੇਸ਼ਵਰ ਨਾਲ ਹੋਈ, ਉਨ੍ਹਾਂ ਦੇ ਰੱਬੀ ਤੌਰ ‘ਤੇ ਨਿਯੁਕਤ ਗੁਰੂ। ਉਨ੍ਹਾਂ ਦੀ ਕਠੋਰ ਪਰ ਪਿਆਰ ਭਰੇ ਮਾਰਗ ਦਰਸ਼ਨ ਹੇਠ ਉਨ੍ਹਾਂ ਨੇ ਕਈ ਸਾਲਾਂ ਤੱਕ ਗਹਿਰੀ ਅਧਿਆਤਮਿਕ ਸਾਧਨਾ ਕੀਤੀ। ਆਗਿਆ ਪਾਲਣ, ਧਿਆਨ ਅਤੇ ਸਮਰਪਣ ਰਾਹੀਂ ਮੁਕੁੰਦ ਨੂੰ ਉਨ੍ਹਾਂ ਦੇ ਜੀਵਨ ਉਦੇਸ਼ ਲਈ ਤਿਆਰ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੇ ਸੰਨਿਆਸ ਧਾਰਨ ਕੀਤਾ ਅਤੇ ਪਰਮਹੰਸ ਯੋਗਾਨੰਦ ਨਾਮ ਰੱਖਿਆ, ਜੋ ਪਰਮਾਤਮਾ ਨਾਲ ਏਕਤਾ ਰਾਹੀਂ ਪਰਮ ਆਨੰਦ ਦੀ ਪ੍ਰਾਪਤੀ ਦਾ ਪ੍ਰਤੀਕ ਹੈ।
ਯੋਗਾਨੰਦ ਜੀ ਸਿਖਾਉਂਦੇ ਸਨ ਕਿ ਮਨੁੱਖ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਮੂਲ ਵਿੱਚ ਪਰਮਾਤਮਾ ਦੀ ਖੋਜ ਹੀ ਹੈ। ਉਨ੍ਹਾਂ ਨੇ ਕਿਹਾ: “ਮਨੁੱਖਤਾ ਸਦਾ ਉਸ ‘ਕਿਸੇ ਹੋਰ ਚੀਜ਼’ ਦੀ ਖੋਜ ਵਿੱਚ ਲੱਗੀ ਰਹਿੰਦੀ ਹੈ, ਜਿਸ ਬਾਰੇ ਉਹ ਸੋਚਦਾ ਹੈ ਕਿ ਉਹ ਉਸਨੂੰ ਪੂਰੀ ਅਤੇ ਅਨੰਤ ਖੁਸ਼ੀ ਦੇਵੇਗੀ। ਜਿਨ੍ਹਾਂ ਜੀਅ ਆਤਮਾਵਾਂ ਨੇ ਪਰਮਾਤਮਾ ਨੂੰ ਖੋਜ ਲਿਆ ਹੈ ਅਤੇ ਪਾ ਲਿਆ ਹੈ, ਉਨ੍ਹਾਂ ਲਈ ਇਹ ਖੋਜ ਸਮਾਪਤ ਹੋ ਜਾਂਦੀ ਹੈ: ਉਹੀ ‘ਕੁਝ ਹੋਰ’ ਪਰਮਾਤਮਾ ਹੈ।”
1917 ਵਿੱਚ ਉਨ੍ਹਾਂ ਨੇ ਰਾਂਚੀ ਵਿੱਚ ਯੋਗੋਦਾ ਸਤਿਸੰਗ ਸੁਸਾਇਟੀ ਆਫ ਇੰਡੀਆ (YSS) ਦੀ ਸਥਾਪਨਾ ਕੀਤੀ, ਤਾਂ ਜੋ ਵਿਗਿਆਨਕ ਧਿਆਨ ਅਤੇ ਸੰਤੁਲਿਤ ਆਤਮਿਕ ਜੀਵਨ ਜਿਉਣ ਦੀ ਰੀਤ ਫੈਲਾਈ ਜਾ ਸਕੇ। 1920 ਵਿੱਚ ਉਹ ਸੰਯੁਕਤ ਰਾਜ ਅਮਰੀਕਾ ਗਏ ਅਤੇ ਲਾਸ ਐਂਜਲਸ ਵਿੱਚ ਸੈਲਫ-ਰੀਅਲਾਈਜ਼ੇਸ਼ਨ ਫੈਲੋਸ਼ਿਪ (SRF) ਦੀ ਸਥਾਪਨਾ ਕੀਤੀ। ਇਨ੍ਹਾਂ ਦੋ ਸੰਸਥਾਵਾਂ ਰਾਹੀਂ ਉਨ੍ਹਾਂ ਨੇ ਕ੍ਰਿਆ ਯੋਗ ਅਤੇ ਧਿਆਨ ਦੀ ਸ਼ਕਤੀਸ਼ਾਲੀ ਸਿੱਖਿਆਵਾਂ ਨੂੰ ਲੈਕਚਰਾਂ, ਕੇਂਦਰਾਂ ਅਤੇ ਘਰ-ਅਧਿਐਨ ਪਾਠਾਂ ਰਾਹੀਂ ਸੰਸਾਰ ਭਰ ਵਿੱਚ ਫੈਲਾਇਆ।
ਤੀਹ ਸਾਲ ਤੋਂ ਵੱਧ ਸਮੇਂ ਤੱਕ ਪਰਮਹੰਸ ਯੋਗਾਨੰਦ ਜੀ ਨੇ ਪੱਛਮੀ ਦੇਸ਼ਾਂ ਵਿੱਚ ਅਥਕ ਸੇਵਾ ਕੀਤੀ। ਉਨ੍ਹਾਂ ਨੇ ਪਰਮਾਤਮਾ ਪ੍ਰਤੀ ਭਗਤੀ, ਨਿਯਮਿਤ ਧਿਆਨ ਅਤੇ ਸਾਰੇ ਸੱਚੇ ਧਰਮਾਂ ਦੀ ਏਕਤਾ ’ਤੇ ਜ਼ੋਰ ਦਿੱਤਾ। ਉਹ ਸਾਧਕਾਂ ਨੂੰ ਸਿਰਫ਼ ਵਿਸ਼ਵਾਸ ਕਰਨ ਦੀ ਨਹੀਂ, ਸਗੋਂ ਪਰਮਾਤਮਾ ਦਾ ਸਿੱਧਾ ਅਨੁਭਵ ਕਰਨ ਦੀ ਪ੍ਰੇਰਣਾ ਦਿੰਦੇ ਸਨ।
ਉਨ੍ਹਾਂ ਦੀ ਅਧਿਆਤਮਿਕ ਉੱਤਮ ਰਚਨਾ ਇੱਕ ਯੋਗੀ ਦੀ ਆਤਮਕਥਾ ਨੇ ਲੱਖਾਂ ਦਿਲਾਂ ਨੂੰ ਛੂਹਿਆ ਹੈ ਅਤੇ ਅੱਜ ਵੀ ਅਨੇਕਾਂ ਆਤਮਾਵਾਂ ਨੂੰ ਪਰਮਾਤਮਾ ਦੇ ਮਾਰਗ ਵੱਲ ਆਕਰਸ਼ਿਤ ਕਰਦੀ ਹੈ। ਉਨ੍ਹਾਂ ਦੀਆਂ ਹੋਰ ਦੋ ਮਹੱਤਵਪੂਰਨ ਰਚਨਾਵਾਂ— ਈਸ਼ਵਰ ਅਰਜੁਨ ਵਾਰਤਾਲਾਪ: ਸ਼੍ਰੀਮਦਭਗਵਤ ਗੀਤਾ ਅਤੇ ਮਸੀਹ ਦਾ ਦੂਜਾ ਆਗਮਨ ਪੂਰਬੀ ਅਤੇ ਪੱਛਮੀ ਅਧਿਆਤਮਿਕ ਪਰੰਪਰਾਵਾਂ ਵਿੱਚ ਸਾਂਝੀਆਂ ਵਿਸ਼ਵਵਿਆਪੀ ਸੱਚਾਈਆਂ ਨੂੰ ਉਜਾਗਰ ਕਰਦੀਆਂ ਹਨ।
ਅੱਜ ਵੀ ਸੱਚੇ ਸਾਧਕਾਂ ਦੁਆਰਾ ਯੋਗਾਨੰਦ ਜੀ ਦੇ ਜਨਮ ਦਿਵਸ ਮੌਕੇ, ਉਨ੍ਹਾਂ ਦੀ ਹਾਜ਼ਰੀ ਮਹਿਸੂਸ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੇ ਰੱਬੀ ਮਾਰਗ ਦਰਸ਼ਨ ਨੂੰ ਸੱਦਾ ਦਿੰਦੇ ਹਨ। ਭਗਤੀ, ਅਨੁਸ਼ਾਸਨ ਅਤੇ ਪਰਮਾਤਮਾ ਦੀ ਕਿਰਪਾ ਰਾਹੀਂ, ਉਹ ਸਾਨੂੰ ਇਹ ਭਰੋਸਾ ਦਿਵਾਉਂਦੇ ਹਨ ਕਿ ਸਦੀਵੀ ਖੁਸ਼ੀ ਦੀ ਖੋਜ ਦੀ ਅਸਲੀ ਪੂਰਨਤਾ ਕੇਵਲ ਪਰਮਾਤਮਾ ਵਿੱਚ ਹੀ ਹੈ।
ਲੇਖਿਕਾ: ਰੇਣੂ ਸਿੰਘ ਪਰਮਾਰ