ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 32 ਸਾਲਾ ਗੁਰਜੰਟ ਸਿੰਘ ਵਜੋਂ ਹੋਈ ਹੈ, ਜੋ ਉੱਥੇ ਟਰੱਕ ਡਰਾਈਵਰ ਦੇ ਤੌਰ ‘ਤੇ ਕੰਮ ਕਰਦਾ ਸੀ। ਬੀਤੇ ਦਿਨ ਸਿਡਨੀ ਤੋਂ ਬ੍ਰਿਸਬੇਨ ਜਾਂਦੇ ਸਮੇਂ ਉਸ ਦਾ ਟਰੱਕ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗੁਰਜੰਟ ਸਿੰਘ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਅਤੇ ਉਹ ਟਰੱਕ ਦੇ ਅੰਦਰ ਹੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਾਤਾ-ਪਿਤਾ ਦਾ ਇਕੱਲਾ ਪੁੱਤਰ ਸੀ ਮ੍ਰਿਤਕ
ਗੁਰਜੰਟ ਸਿੰਘ ਆਪਣੇ ਮਾਤਾ-ਪਿਤਾ ਦਾ ਇਕੱਲਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਵੱਡੀਆਂ ਆਸਾਂ ਅਤੇ ਸੁਪਨਿਆਂ ਨਾਲ ਆਸਟ੍ਰੇਲੀਆ ਭੇਜਿਆ ਸੀ। ਉਸ ਦੀਆਂ ਭੈਣਾਂ ਵੀ ਆਸਟ੍ਰੇਲੀਆ ਵਿੱਚ ਹੀ ਰਹਿੰਦੀਆਂ ਹਨ। ਹਾਲੀਆ ਦਿਨਾਂ ਵਿੱਚ ਗੁਰਜੰਟ ਚੰਗੀ ਕਮਾਈ ਕਰ ਰਿਹਾ ਸੀ ਅਤੇ ਪਰਿਵਾਰ ਉਸ ਦੀ ਸ਼ਾਦੀ ਦੀਆਂ ਤਿਆਰੀਆਂ ਕਰ ਰਿਹਾ ਸੀ, ਪਰ ਇਸ ਹਾਦਸੇ ਨੇ ਪੂਰੇ ਪਰਿਵਾਰ ਦੇ ਸੁਪਨੇ ਚਕਨਾਚੂਰ ਕਰ ਦਿੱਤੇ।
ਪੰਜ ਸਾਲ ਪਹਿਲਾਂ ਗਿਆ ਸੀ ਵਿਦੇਸ਼
ਦੱਸਿਆ ਗਿਆ ਹੈ ਕਿ ਗੁਰਜੰਟ ਸਿੰਘ ਕਰੀਬ ਪੰਜ ਸਾਲ ਪਹਿਲਾਂ ਚੰਗੇ ਭਵਿੱਖ ਦੀ ਤਲਾਸ਼ ਵਿੱਚ ਆਸਟ੍ਰੇਲੀਆ ਗਿਆ ਸੀ ਅਤੇ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਚਚੇਰੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਗੁਰਜੰਟ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਜੰਟ ਦਾ ਜਲਦੀ ਹੀ ਪੀਆਰ (ਸਥਾਈ ਨਿਵਾਸ) ਹੋਣ ਦੀ ਉਮੀਦ ਸੀ, ਪਰ ਇਸ ਦੁਖਦਾਈ ਹਾਦਸੇ ਨੇ ਪੂਰੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਡਾਲ ਦਿੱਤਾ ਹੈ।