ਖਬਰਿਸਤਾਨ ਨੈੱਟਵਰਕ– ਪੰਜਾਬ ਵਿਚ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਉਥੇ ਹੀ ਲੋਹੜੀ ਵਾਲੀ ਰਾਤ ਵੀ ਚੋਰਾਂ ਨੇ ਇਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਕਰੋੜਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਮੁਕੇਰੀਆਂ-ਤਲਵਾੜਾ ਰੋਡ ਉਤੇ ਪੈਂਦੀ Joy jeweller ਨਾਂ ਦੀ ਸੁਨਿਆਰੇ ਦੀ ਦੁਕਾਨ ਉਤੇ ਡਾਕਾ ਪਿਆ।
ਸਵਾ ਕਰੋੜ ਦੇ ਸਾਮਾਨ ਦੀ ਚੋਰੀ
ਜਾਣਕਾਰੀ ਅਨੁਸਾਰ ਦਰਜਨ ਤੋਂ ਵੱਧ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਕੇ ਦੁਕਾਨ ਅੰਦਰ ਪਏ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਹੋਰ ਤਿਆਰ ਸਮਾਨ ਦੀ ਚੋਰੀ ਕੀਤੀ ਗਈ, ਜਿਸ ਦੀ ਕੀਮਤ ਸਵਾ ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਲੁੱਟ ਦੀ ਇਸ ਸਾਰੀ ਵਾਰਦਾਤ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਦੁਕਾਨਦਾਰ ਦਾ ਬਿਆਨ
ਵਾਰਦਾਤ ਸਬੰਧੀ ਦੁਕਾਨ ਮਾਲਕ ਅਨੁਜ ਮਹਾਜਨ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਅਤੇ ਰਾਤ ਫੋਨ ਰਾਹੀਂ ਉਹਨਾਂ ਨੂੰ ਦੁਕਾਨ ਸਾਹਮਣੇ ਅਣਪਛਾਤੇ ਵਿਅਕਤੀਆਂ ਬਾਰੇ ਹੋਣ ਦੀ ਸੂਚਨਾ ਮਿਲੀ ਪਰ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਸ਼ਟਰ ਟੁੱਟਾ ਹੋਇਆ ਸੀ ਅਤੇ ਅੰਦਰ ਸ਼ੋਅ ਕੇਸ ਅਤੇ ਕਾਊਂਟਰ ਵਿੱਚ ਪਏ ਸੋਨੇ ਚਾਂਦੀ ਦੇ ਗਹਿਣੇ ਤੇ ਹੋਰ ਬਣਿਆ ਸਮਾਨ ਅਤੇ ਗਾਹਕਾਂ ਦਾ ਸਮਾਨ ਗਾਇਬ ਸੀ, ਉਨ੍ਹਾਂ ਦੱਸਿਆ ਚੋਰੀ ਹੋਏ ਸਾਮਾਨ ਦੀ ਕੀਮਤ ਲਗਭਗ ਸਵਾ ਕਰੋੜ ਰੁਪਏ ਹੈ। ਦੁਕਾਨਦਾਰ ਅਤੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਹੋਰਾਂ ਵੱਲੋਂ ਇਸ ਵਾਰਦਾਤ ਨੂੰ ਚੋਰੀ ਨਾ ਕਹਿੰਦੇ ਹੋਏ ਡਾਕਾ ਦੱਸਦਿਆਂ ਪੁਲਿਸ ਕੋਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਜਲਦ ਕਾਬੂ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ।ਮੌਕੇ ਉਤੇ ਪੁੱਜੇ ਐਸਐਚਓ ਦਲਜੀਤ ਸਿੰਘ ਸਮੇਤ ਪੁਲਿਸ ਟੀਮ ਨੇ ਜਾਂਚ ਆਰੰਭ ਦਿੱਤੀ ਹੈ ਤੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।