ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣਗੇ। ਇਹ ਪੇਸ਼ੀ ਸਿੱਖ ਸਿਧਾਂਤਾਂ, ‘ਗੁਰੂ ਦੀ ਗੋਲਕ’ ਅਤੇ ‘ਦਸਵੰਧ’ ਬਾਰੇ ਉਨ੍ਹਾਂ ਵੱਲੋਂ ਕੀਤੀਆਂ ਕਥਿਤ ਵਿਵਾਦਤ ਟਿੱਪਣੀਆਂ ਦੇ ਸਬੰਧ ਵਿੱਚ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਹੈ। ਇਸ ਪੇਸ਼ੀ ਦੇ ਸਮੇਂ ਨੂੰ ਲੈ ਕੇ ਪਿਛਲੇ 24 ਘੰਟਿਆਂ ਤੋਂ ਕਾਫੀ ਚਰਚਾ ਚੱਲ ਰਹੀ ਸੀ।
ਜਥੇਦਾਰ ਵੱਲੋਂ ਪਹਿਲਾਂ ਸਮਾਂ ਬਦਲ ਕੇ ਸ਼ਾਮ 4:30 ਵਜੇ ਕਰ ਦਿੱਤਾ ਗਿਆ ਸੀ, ਕਿਉਂਕਿ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਦੇ ਹੋਰ ਸਰਕਾਰੀ ਪ੍ਰੋਗਰਾਮ ਹੋ ਸਕਦੇ ਹਨ। ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਸਾਫ਼ ਕੀਤਾ ਕਿ ਉਨ੍ਹਾਂ ਨੇ ਸਮਾਂ ਬਦਲਣ ਦੀ ਕੋਈ ਮੰਗ ਨਹੀਂ ਕੀਤੀ। ਉਨ੍ਹਾਂ ਕਿਹਾ, “ਮੇਰੇ ਲਈ ਅਕਾਲ ਤਖ਼ਤ ਦਾ ਹੁਕਮ ਸਭ ਤੋਂ ਉੱਪਰ ਹੈ। ਮੈਂ ਸਵੇਰੇ 11 ਵਜੇ ਹੀ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ।”
ਤਲਬ ਕੀਤੇ ਜਾਣ ਦੇ ਮੁੱਖ ਕਾਰਨ
ਜਥੇਦਾਰ ਨੇ ਸੀਐਮ ਮਾਨ ‘ਤੇ ਸਿੱਖ ਮਰਿਆਦਾ ਦੀ ਉਲੰਘਣਾ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਾਏ ਹਨ। ਸੀਐਮ ਨੇ ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਗੋਲਕ ਪ੍ਰਣਾਲੀ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ‘ਤੇ ਸਿੱਖ ਰਹਿਤ ਮਰਿਆਦਾ ਅਤੇ ਧਾਰਮਿਕ ਪਰੰਪਰਾਵਾਂ ਦੇ ਵਿਰੁੱਧ ਬਿਆਨਬਾਜ਼ੀ ਕਰਨ ਦੇ ਦੋਸ਼ ਹਨ। ਇਸ ਤੋਂ ਇਲਾਵਾ ਬੇਅਦਬੀ ਅਤੇ ਹੋਰ ਪੁਰਾਣੇ ਮਾਮਲਿਆਂ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਵੀ ਧਾਰਮਿਕ ਜਥੇਬੰਦੀਆਂ ਅਸੰਤੁਸ਼ਟ ਹਨ।



