ਪੰਜਾਬ ਵਿੱਚ ਅੱਜ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਸੂਬੇ ਦੇ ਕੁਝ ਜ਼ਿਲ੍ਹਿਆਂ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਧੁੰਦ ਕਾਰਨ ਵਿਜੀਬਿਲਟੀ ਘੱਟ ਹੋ ਗਈ। ਉੱਥੇ ਹੀ ਮੌਸਮ ਵਿਭਾਗ ਮੁਤਾਬਕ 20 ਜਨਵਰੀ ਤੱਕ ਠੰਢ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਧੁੰਦ ਕਾਰਣ ਵਿਜੀਬਿਲਟੀ ਘੱਟ ਹੋਣ ਕਾਰਣ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੰਜਾਬ ‘ਚ ਬੀਤੇ ਦਿਨ ਤੋਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸਕੂਲ ਤਾਂ ਖੁਲ੍ਹ ਗਏ, ਪਰ ਬੱਚਿਆਂ ਦੀ ਹਾਜ਼ਰੀ ਕਾਫ਼ੀ ਘੱਟ ਰਹੀ।
ਇਸ ਦਰਮਿਆਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਂਅ ਨਾਲ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ 21 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ਦੇ ਆਦੇਸ਼ ਦੱਸੇ ਜਾ ਰਹੇ ਹਨ। ਪਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪੋਸਟ ਫਰਜ਼ੀ ਹੈ। ਇਹ ਪੋਸਟ jatt_editz_13 ਨਾਮਕ ਅਕਾਊਂਟ ਵੱਲੋਂ ਬਣਾਈ ਗਈ ਸੀ।


ਉੱਥੇ ਹੀ, ਧੁੰਦ ਕਾਰਣ ਅਤੇ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਸਰਕਾਰ ਤੋਂ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ ਛੁੱਟੀਆਂ ਵਧਾਈਆਂ ਜਾਣ ਜਾਂ ਫਿਰ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਨੇ ਦੱਸਿਆ ਕਿ ਸ਼ੀਤ ਲਹਿਰ ਦੌਰਾਨ ਬੱਚਿਆਂ ਦੇ ਬੀਮਾਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ।