ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਸਵੇਰੇ ਜਲੰਧਰ ਸ਼ਹਿਰ ਵਿੱਚ ਕੋਹਰੇ ਕਾਰਨ ਵਿਜ਼ੀਬਿਲਟੀ ਜ਼ੀਰੋ ਹੋ ਗਈ ਸੀ। ਇਸੇ ਸੰਘਣੀ ਧੁੰਦ ਕਾਰਨ ਫਗਵਾੜਾ ਨੈਸ਼ਨਲ ਹਾਈਵੇਅ ‘ਤੇ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਗਭਗ 5 ਤੋਂ 6 ਗੱਡੀਆਂ ਆਪਸ ਵਿੱਚ ਬੁਰੀ ਤਰ੍ਹਾਂ ਟਕਰਾ ਗਈਆਂ।
ਵਾਲ -ਵਾਲ ਬਚੀ ਜਾਨ
ਰਾਹਤ ਦੀ ਗੱਲ ਇਹ ਰਹੀ ਕਿ ਇਸ ਵੱਡੇ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਟੱਕਰ ਕਾਰਨ ਸਾਰੀਆਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਅੱਗੇ ਜਾ ਰਹੀ ਇੱਕ ਗੱਡੀ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਸੀ, ਜਿਸ ਕਾਰਨ ਪਿੱਛੇ ਆ ਰਹੀਆਂ ਗੱਡੀਆਂ ਦਾ ਬੈਲੈਂਸ ਵਿਗੜ ਗਿਆ ਅਤੇ ਆਪਸ ‘ਚ ਟਕਰਾ ਗਈਆਂ।
ਸੜਕ ਸੁਰੱਖਿਆ ਫੋਰਸ ਨੇ ਸੰਭਾਲਿਆ ਮੋਰਚਾ
ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਟੀਮ ਵੱਲੋਂ ਹਾਈਵੇਅ ਤੋਂ ਨੁਕਸਾਨੇ ਗਏ ਵਾਹਨਾਂ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਟ੍ਰੈਫਿਕ ਜਾਮ ਨੂੰ ਖੋਲ੍ਹਿਆ ਜਾ ਸਕੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।