ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਦੋਰਾਹਾ ਇਲਾਕੇ ਵਿੱਚ ਸਵੇਰੇ-ਸਵੇਰੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲ ਪਈਆਂ। ਇਸ ਦੌਰਾਨ ਦੋਰਾਹਾ ਥਾਣੇ ਦੇ SHO ਆਕਾਸ਼ ਦੱਤ ਦੀ ਛਾਤੀ ‘ਚ ਗੋਲੀ ਲੱਗੀ, ਪਰ ਬੁਲੇਟਪਰੂਫ਼ ਜੈਕੇਟ ਪਾਈ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਇਸ ਦੌਰਾਨ ਮੁਲਜ਼ਮ ਵੀ ਜ਼ਖਮੀ ਹੋ ਗਿਆ।
ਮੁੱਖ ਮੁਲਜ਼ਮ ਦੀ ਲੱਤ ‘ਚ ਲੱਗੀ ਗੋਲੀ
ਪੁਲਿਸ ਨੇ ਦੋ ਬਦਮਾਸ਼ਾਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਖੰਨਾ ਦੇ ਐਸ.ਪੀ. ਪਵਨਜੀਤ ਚੌਧਰੀ ਨੇ ਦੱਸਿਆ ਕਿ ਪੁਲਿਸ ਨੂੰ ‘ਇਰਾਦਾ-ਏ-ਕਤਲ’ ਦੇ ਮਾਮਲੇ ਵਿੱਚ ਲੋੜੀਂਦੇ ਅਪਰਾਧੀ ਹਰਸਿਮਰਨ ਸਿੰਘ ਮੰਡ ਦੀ ਇਲਾਕੇ ਵਿੱਚ ਮੌਜੂਦਗੀ ਦੀ ਗੁਪਤ ਸੂਚਨਾ ਮਿਲੀ ਸੀ।
ਗੱਡੀ ਚੜ੍ਹਾਉਣ ਦੀ ਕੀਤੀ ਕੋਸ਼ਿਸ਼
ਜਦੋਂ ਪੁਲਿਸ ਨੇ ਨਾਕਾਬੰਦੀ ਕੀਤੀ ਤਾਂ ਸਕਾਰਪੀਓ ਗੱਡੀ ਵਿੱਚ ਸਵਾਰ ਹਰਸਿਮਰਨ ਅਤੇ ਉਸ ਦੇ ਸਾਥੀ ਏਵਨਜੋਤ ਸਿੰਘ ਭੰਡਾਲ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਬਦਮਾਸ਼ਾਂ ਦੀਆਂ ਗੋਲੀਆਂ ਪੁਲਿਸ ਦੀ ਸਰਕਾਰੀ ਗੱਡੀ ਨੂੰ ਵੀ ਲੱਗੀਆਂ। ਪੁਲਿਸ ਨੇ ਆਤਮ-ਰੱਖਿਆ ਵਿੱਚ ਗੋਲੀ ਚਲਾਈ, ਜਿਸ ਵਿੱਚ ਮੁੱਖ ਮੁਲਜ਼ਮ ਜ਼ਖ਼ਮੀ ਹੋ ਗਿਆ।
ਪੁਰਾਣਾ ਅਪਰਾਧਿਕ ਰਿਕਾਰਡ
ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਹਰਸਿਮਰਨ ਖ਼ਿਲਾਫ਼ ਪਹਿਲਾਂ ਵੀ ਦੋ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਹੁਣ ਇਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਨੈੱਟਵਰਕ ਅਤੇ ਹੋਰ ਸਾਥੀਆਂ ਬਾਰੇ ਪਤਾ ਲਗਾਇਆ ਜਾ ਸਕੇ। ਜ਼ਖ਼ਮੀ ਬਦਮਾਸ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।



