ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਾਲ ਹੀ ਵਿੱਚ ਆਪਣੇ ਖਿਲਾਫ ਕੀਤੇ ਜਾ ਰਹੇ ਜਾਤੀਗਤ ਬਿਆਨਾਂ ‘ਤੇ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਗੁਰੂ ਸਾਹਿਬਾਨਾਂ ਵੱਲੋਂ ਦਿਖਾਏ ਗਏ ਮਾਰਗ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਫਲਸਫੇ ਦਾ ਪਾਲਣ ਕਰਦੇ ਹਨ। ਉਨ੍ਹਾਂ ਨੇ ਕਿਸੇ ਵੀ ਮੀਟਿੰਗ ਜਾਂ ਜਨਤਕ ਮੰਚ ‘ਤੇ ਕਿਸੇ ਵਿਸ਼ੇਸ਼ ਜਾਤੀ ਜਾਂ ਬਿਰਾਦਰੀ ਵਿਰੁੱਧ ਬਿਆਨ ਦੇਣ ਤੋਂ ਸਾਫ਼ ਇਨਕਾਰ ਕੀਤਾ ਅਤੇ ਇਸ ਨੂੰ ਵਿਰੋਧੀਆਂ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ।
ਸਾਂਸਦ ਚੰਨੀ ਨੇ ਕਿਹਾ ਕਿ ਉਹ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਸਬੰਧ ਰੱਖਦੇ ਹਨ, ਜਿੱਥੋਂ ਦੀ ਮਿੱਟੀ ਮਨੁੱਖਤਾ ਅਤੇ ਸ਼ਹਾਦਤ ਦਾ ਸੰਦੇਸ਼ ਦਿੰਦੀ ਹੈ। ਅਜਿਹੀ ਧਰਤੀ ਦਾ ਪੁੱਤਰ ਹੋਣ ਦੇ ਨਾਤੇ ਉਹ ਕਦੇ ਵੀ ਕਿਸੇ ਭਾਈਚਾਰੇ ਜਾਂ ਜਾਤੀ ਦੇ ਵਿਰੁੱਧ ਬੋਲਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਸਿਆਸੀ ਕੱਦ ਨੂੰ ਨੁਕਸਾਨ ਪਹੁੰਚਾਉਣ ਲਈ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦਾ ਧੰਨਵਾਦ ਕੀਤਾ ਜਿਸ ਨੇ ਉਨ੍ਹਾਂ ਨੂੰ ਉੱਚੇ ਅਹੁਦਿਆਂ ‘ਤੇ ਬਿਠਾ ਕੇ ਆਮ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਜਿਸ ਨੂੰ ਉਨ੍ਹਾਂ ਨੇ ਹਮੇਸ਼ਾ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ।
ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਵੀ ਹਮੇਸ਼ਾ ਪੰਜਾਬ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਵਿਰੋਧ ਸਹਿਣਾ ਸਵੀਕਾਰ ਕੀਤਾ, ਪਰ ਕਿਸਾਨਾਂ ਦੇ ਹਿੱਤਾਂ ‘ਤੇ ਆਂਚ ਨਹੀਂ ਆਉਣ ਦਿੱਤੀ। ਪੰਜਾਬ ਦੀ ਤੁਲਨਾ ਇੱਕ ‘ਗੁਲਦਸਤੇ’ ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੀ ਖੂਬਸੂਰਤੀ ਸਾਰੇ ਵਰਗਾਂ ਦੇ ਮਿਲ-ਜੁਲ ਕੇ ਰਹਿਣ ਵਿੱਚ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਣ ਨਾਲ ਨਾ ਸਿਰਫ਼ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੋਵੇਗਾ, ਸਗੋਂ ਪਾਰਟੀ ਵੀ ਆਉਣ ਵਾਲੇ ਸਮੇਂ ਵਿੱਚ ਮਜ਼ਬੂਤੀ ਨਾਲ ਉਭਰੇਗੀ।



