ਖ਼ਬਰਿਸਤਾਨ ਨੈੱਟਵਰਕ: ਮੁੰਬਈ ਦੇ ਜੁਹੂ ਇਲਾਕੇ ਵਿੱਚ ਸੋਮਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਮੁਕਤੇਸ਼ਵਰ ਰੋਡ ਦੇ ਨੇੜੇ ਰਾਤ ਕਰੀਬ 8:30 ਵਜੇ ਅਕਸ਼ੈ ਕੁਮਾਰ ਦੀ ਸੁਰੱਖਿਆ ਵਿੱਚ ਸ਼ਾਮਲ ਇੱਕ ਇਨੋਵਾ ਕਾਰ ਨੇ ਇੱਕ ਆਟੋ ਰਿਕਸ਼ਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਆਟੋ ਚਾਲਕ ਅਤੇ ਇੱਕ ਸਵਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।
ਟੱਕਰ ਕਾਰਣ ਪਲਟਿਆ ਆਟੋ
ਜ਼ਖਮੀ ਆਟੋ ਡਰਾਈਵਰ ਦੇ ਭਰਾ ਮੁਹੰਮਦ ਸਮੀਰ ਅਨੁਸਾਰ, ਉਸ ਦਾ ਭਰਾ ਆਟੋ ਚਲਾ ਰਿਹਾ ਸੀ। ਆਟੋ ਦੇ ਪਿੱਛੇ ਅਕਸ਼ੈ ਕੁਮਾਰ ਦੀ ਸੁਰੱਖਿਆ ਵਾਲੀ ਇਨੋਵਾ ਕਾਰ ਅਤੇ ਇੱਕ ਮਰਸਡੀਜ਼ ਗੱਡੀ ਜਾ ਰਹੀ ਸੀ। ਪਿੱਛੇ ਤੋਂ ਆ ਰਹੀ ਮਰਸਡੀਜ਼ ਨੇ ਪਹਿਲਾਂ ਇਨੋਵਾ ਨੂੰ ਟੱਕਰ ਮਾਰੀ, ਜਿਸ ਕਾਰਨ ਇਨੋਵਾ ਬੇਕਾਬੂ ਹੋ ਕੇ ਅੱਗੇ ਜਾ ਰਹੇ ਆਟੋ ਨਾਲ ਜਾ ਟਕਰਾਈ। ਟੱਕਰ ਇੰਨੀ ਤੇਜ਼ ਸੀ ਕਿ ਆਟੋ ਪਲਟ ਗਿਆ ਅਤੇ ਡਰਾਈਵਰ ਤੇ ਸਵਾਰੀ ਉਸ ਦੇ ਹੇਠਾਂ ਫਸ ਗਏ।
ਜਿਸ ਸਮੇਂ ਇਹ ਹਾਦਸਾ ਹੋਇਆ, ਅਕਸ਼ੈ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਨਾਲ ਵਿਦੇਸ਼ ਤੋਂ ਪਰਤ ਕੇ ਏਅਰਪੋਰਟ ਤੋਂ ਘਰ ਜਾ ਰਹੇ ਸਨ। ਉਹ ਦੋਵੇਂ ਅੱਗੇ ਚੱਲ ਰਹੀ ਦੂਜੀ ਕਾਰ (ਮਰਸਡੀਜ਼) ਵਿੱਚ ਸਵਾਰ ਸਨ। ਅਕਸ਼ੈ ਅਤੇ ਟਵਿੰਕਲ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਮੁਆਵਜ਼ੇ ਦੀ ਕੀਤੀ ਮੰਗ
ਡਰਾਈਵਰ ਦੇ ਭਰਾ ਨੇ ਮੰਗ ਕੀਤੀ ਹੈ ਕਿ ਉਸ ਦੇ ਭਰਾ ਦਾ ਇਲਾਜ ਸਹੀ ਤਰੀਕੇ ਨਾਲ ਕਰਵਾਇਆ ਜਾਵੇ ਅਤੇ ਟੁੱਟੇ ਹੋਏ ਆਟੋ ਦਾ ਮੁਆਵਜ਼ਾ ਦਿੱਤਾ ਜਾਵੇ। ਜੁਹੂ ਪੁਲਿਸ ਨੇ ਮਰਸਡੀਜ਼ ਚਲਾ ਰਹੇ ਡਰਾਈਵਰ ਦੇ ਖਿਲਾਫ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ । ਇਸ ਹਾਦਸੇ ‘ਚ ਆਟੋ ਦੇ ਵੀ ਪਰਖੱਚੇ ਉੱਡ ਗਏ।



