ਕੈਨੇਡਾ ਤੋਂ ਇੱਕ ਵਾਰ ਫਿਰ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 27 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਮਰਵੀਰ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਪਿੰਡ ਕਟਾਹਰੀ ਦਾ ਰਹਿਣ ਵਾਲਾ ਸੀ। ਅਮਰਵੀਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
4 ਸਾਲ ਪਹਿਲਾਂ ਗਿਆ ਸੀ ਕੈਨੇਡਾ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਰਵੀਰ ਸਾਲ 2022 ਵਿੱਚ ਉੱਚ ਸਿੱਖਿਆ ਲਈ ਕੈਨੇਡਾ ਗਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਇਸ ਵੇਲੇ ਬਰੈਂਪਟਨ ਵਿੱਚ ਵਰਕ ਪਰਮਿਟ ‘ਤੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਬੀਤੇ ਦਿਨੀਂ ਅਚਾਨਕ ਉਸ ਦੀ ਸਿਹਤ ਵਿਗੜ ਗਈ। ਬਾਅਦ ਵਿੱਚ ਪਤਾ ਲੱਗਿਆ ਕਿ ਹਾਰਟ ਅਟੈਕ (ਦਿਲ ਦਾ ਦੌਰਾ) ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ।
ਇਸੇ ਸਾਲ ਆਉਣਾ ਸੀ ਪੰਜਾਬ
ਮ੍ਰਿਤਕ ਦੇ ਪਿਤਾ ਸਿੰਗਾਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅਮਰਵੀਰ ਨੇ ਇਸੇ ਸਾਲ ਪੰਜਾਬ ਗੇੜਾ ਮਾਰਨਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਘਰ ਆਉਣ ਦੀਆਂ ਖ਼ੁਸ਼ੀਆਂ ਦੀ ਬਜਾਏ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲ ਗਈ।
ਅੰਤਿਮ ਸੰਸਕਾਰ ਕੀਤਾ ਗਿਆ, ਵਿਧਾਇਕ ਨੇ ਪ੍ਰਗਟ ਕੀਤਾ ਦੁੱਖ
ਅਮਰਵੀਰ ਸਿੰਘ ਦੀ ਲਾਸ਼ ਕੈਨੇਡਾ ਤੋਂ ਪਾਇਲ ਤਹਿਸੀਲ ਦੇ ਪਿੰਡ ਕਟਾਹਰੀ ਲਿਆਂਦੀ ਗਈ। ਪਿੰਡ ਪਹੁੰਚਣ ਤੋਂ ਬਾਅਦ ਅਮਰਵੀਰ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ। ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਅਮਰਵੀਰ ਸਿੰਘ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ।



