ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ‘ਚ ਇੰਦਰਾ ਕਲੋਨੀ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਜਿੱਥੇ ਇੱਕ ਘਰ ‘ਚ ਗੈਸ ਸਿਲੰਡਰ ਫੱਟਣ ਕਾਰਣ ਬਲਾਸਟ ਹੋ ਗਿਆ ਹੈ। ਜਿਸ ਕਾਰਣ ਆਸ-ਪਾਸ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਕਾਰਣ ਕਮਰੇ ਛੱਤ ਅਤੇ ਦੀਵਾਰਾਂ ਡਿੱਗ ਗਈਆਂ। ਇਸ ਹਾਦਸੇ ‘ਚ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਇੱਕ ਘਰ ਵਿੱਚ ਗੈਸ ਸਿਲੰਡਰ ਫਟਣ ਕਾਰਨ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਆਸ-ਪਾਸ ਦੇ ਘਰਾਂ ਦੇ ਲੋਕ ਬੰਬ ਧਮਾਕਾ ਹੋਣ ਦੇ ਡਰੋਂ ਬਾਹਰ ਨਿਕਲ ਆਏ। ਧਮਾਕੇ ਕਾਰਣ ਘਰ ਦਾ ਕਾਫੀ ਨੁਕਸਾਨ ਹੋ ਗਿਆ, ਖੁਸ਼ਕਿਸਮਤੀ ਰਹੀ ਕਿ ਘਰ ਵਿੱਚ ਮੌਜੂਦ ਲੜਕੀ ਸਮਾਂ ਰਹਿੰਦੇ ਬਾਹਰ ਨਿਕਲ ਗਈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪਰਿਵਾਰ ਦੀ ਮਹਿਲਾ ਪੁਸ਼ਪਾ ਨੇ ਦੱਸਿਆ ਕਿ ਉਹ ਅਤੇ ਉਸਦਾ ਪਤੀ ਫੈਕਟਰੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੀ ਬੇਟੀ ਘਰ ਵਿੱਚ ਇਕੱਲੀ ਸੀ। ਦੁਪਹਿਰ ਵੇਲੇ ਕਿਸੇ ਹੋਰ ਲੜਕੀ ਨੇ ਆ ਕੇ ਗੈਸ ਚਲਾਈ ਅਤੇ ਚਲੀ ਗਈ। ਇਸ ਦੌਰਾਨ ਗੈਸ ਪਾਈਪ ਨੂੰ ਅੱਗ ਲੱਗ ਗਈ ਜੋ ਹੌਲੀ-ਹੌਲੀ ਸਿਲੰਡਰ ਤੱਕ ਪਹੁੰਚ ਗਈ। ਅੱਗ ਲੱਗਦੀ ਦੇਖ ਕੇ ਲੜਕੀ ਤੁਰੰਤ ਘਰੋਂ ਬਾਹਰ ਭੱਜੀ ਅਤੇ ਉਸਦੇ ਬਾਹਰ ਨਿਕਲਦੇ ਹੀ ਜ਼ਬਰਦਸਤ ਧਮਾਕਾ ਹੋ ਗਿਆ।
ਮੌਕੇ ‘ਤੇ ਪਹੁੰਚੀ ਪੁਲਿਸ
ਧਮਾਕੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਹਾਦਸੇ ਵਿੱਚ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ ਅਤੇ ਇਮਾਰਤ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।



