ਪੰਜਾਬ ‘ਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਜਿਸ ਕਾਰਣ ਮੌਸਮ ‘ਚ ਵੀ ਬਦਲਾਅ ਹੋਇਆ ਹੈ। ਬੀਤੇ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਬੀਤੀ ਰਾਤ ਤੋਂ ਅੱਜ ਸਵੇਰ ਤੱਕ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਕਾਰਨ ਠੰਢ ਵਧ ਗਈ ਹੈ। ਜਲੰਧਰ ਵਿੱਚ ਗੜੇਮਾਰੀ ਵੀ ਹੋਈ, ਜਿਸ ਤੋਂ ਬਾਅਦ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਉੱਥੇ ਹੀ, ਹਿਮਾਚਲ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦੇਖਣ ਨੂੰ ਮਿਲੀ, ਜਿਸ ਕਾਰਨ ਗੱਡੀਆਂ ਬਰਫ਼ ਨਾਲ ਢੱਕੀਆਂ ਗਈਆਂ।
ਮੌਸਮ ਵਿਭਾਗ ਅਨੁਸਾਰ ਅੱਜ ਸਾਰਾ ਦਿਨ ਮੌਸਮ ਖ਼ਰਾਬ ਰਹੇਗਾ। ਜਲੰਧਰ, ਲੁਧਿਆਣਾ, ਚੰਡੀਗੜ੍ਹ, ਸੰਗਰੂਰ, ਧੂਰੀ, ਮਲੇਰਕੋਟਲਾ, ਸਮਾਣਾ, ਪਟਿਆਲਾ ਆਦਿ ਥਾਵਾਂ ‘ਤੇ ਦਿਨ ਭਰ ਰੁਕ-ਰੁਕ ਕੇ ਮੀਂਹ ਪੈਣ ਦਾ ਸਿਲਸਿਲਾ ਜਾਰੀ ਰਹੇਗਾ। ਮੀਂਹ ਦੀ ਸੰਭਾਵਨਾ 78% ਤੱਕ ਹੈ। ਪੱਛਮੀ ਗੜਬੜੀ (Western Disturbance) ਕਾਰਨ ਜਲੰਧਰ ਸਮੇਤ ਨਾਲ ਲੱਗਦੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਅਗਲੇ 2 ਦਿਨਾਂ ਤੱਕ ਮੀਂਹ, ਗਰਜ-ਚਮਕ ਅਤੇ ਗੜੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 3.2 ਡਿਗਰੀ ਹੁਸ਼ਿਆਰਪੁਰ ਵਿੱਚ ਦਰਜ ਕੀਤਾ ਗਿਆ। ਜਲੰਧਰ ਵਿੱਚ ਬੀਤੀ ਰਾਤ 11 ਵਜੇ ਅਚਾਨਕ ਮੌਸਮ ਬਦਲ ਗਿਆ। ਠੰਢੀਆਂ ਹਵਾਵਾਂ ਦੇ ਨਾਲ ਤੇਜ਼ ਮੀਂਹ ਸ਼ੁਰੂ ਹੋ ਗਿਆ। ਪੇਂਡੂ ਖੇਤਰ ਢਿੱਲਵਾਂ ਵਿੱਚ ਰਾਤ ਨੂੰ ਗੜੇਮਾਰੀ ਹੋਈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ 23 ਜਨਵਰੀ ਨੂੰ ਪੂਰਾ ਦਿਨ ਮੌਸਮ ਖ਼ਰਾਬ ਰਹੇਗਾ।



