ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਬੀਤੀ ਰਾਤ ਤੋਂ ਠੰਡੀਆਂ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ। ਇਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਬਦਮਾਸ਼ਾਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਪੁਲਿਸ ਨੱਬੇ ਸੇਂਟ ਸੋਲਜਰ ਕਾਲਜ ਦੀ ਪ੍ਰਧਾਨਗੀ ਮਾਮਲੇ ਵਿੱਚ ਫਰਾਰ ਸ਼ੂਟਰ ਦਾ ਐਨਕਾਊਂਟਰ ਕੀਤਾ। ਦੇਹਾਤ ਦੇ ਅਲਾਵਲਪੁਰ ਰੋਡ ‘ਤੇ ਸਥਿਤ ਪਿੰਡ ਡੋਲਾ ਦੇ ਨੇੜੇ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁੱਠਭੇੜ ਹੋਈ। ਇਸ ਮਾਮਲੇ ‘ਚ ਪੁਲਿਸ ਵੱਲੋਂ ਪਹਿਲਾਂ ਹੀ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਂ ਚੁੱਕਾ ਹੈ।
ਇਸ ਵਿਵਾਦ ਵਿੱਚ ਪੈਟਰੋਲ ਪੰਪ ਦੇ ਬਾਹਰ 3 ਕਾਰਾਂ ਵਿੱਚ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ 2 ਲੋਕ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿੱਚ 19 ਦਸੰਬਰ ਨੂੰ ਲੱਕੀ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਆਦਮਪੁਰ ਦੇ ਡੀ.ਐਸ.ਪੀ ਦੀ ਅਗਵਾਈ ਹੇਠ ਟੀਮਾਂ ਤਾਇਨਾਤ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਭੁਲੱਥ ਦੇ ਰਹਿਣ ਵਾਲੇ ਮੁੱਖ ਸ਼ੂਟਰ ਲਵਪ੍ਰੀਤ ਉਰਫ਼ ਲਵੀ ਬਾਰੇ ਗੁਪਤ ਸੂਚਨਾ ਮਿਲੀ ਸੀ ਕਿ ਉਹ ਅਲਾਵਲਪੁਰ ਇਲਾਕੇ ਵਿੱਚ ਘੁੰਮ ਰਿਹਾ ਹੈ।
ਪੁਲਿਸ ਚੌਕੀ ਦੀ ਟੀਮ ਨੇ ਮੁਲਜ਼ਮ ਨੂੰ ਅੱਜ ਸਵੇਰੇ 9:15 ਵਜੇ ਜਗਰਾਵਾਂ ਸਾਈਡ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਦੇ ਜਵਾਬ ਵਿੱਚ ਪੁਲਿਸ ਵੱਲੋਂ ਚਲਾਈਆਂ ਗਈਆਂ 2 ਗੋਲੀਆਂ ਮੁਲਜ਼ਮ ਨੂੰ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਿਆ। ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਲੜਾਈ-ਝਗੜੇ ਦੇ 3 ਮਾਮਲੇ ਪਹਿਲਾਂ ਹੀ ਦਰਜ ਹਨ। ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ।
ਦੱਸਣਯੋਗ ਹੈ ਕਿ ਜਲੰਧਰ-ਭੋਗਪੁਰ ਹਾਈਵੇਅ ‘ਤੇ ਕਿਸ਼ਨਗੜ੍ਹ ਚੌਕ ਸਥਿਤ ਪੈਟਰੋਲ ਪੰਪ ‘ਤੇ 19 ਦਸੰਬਰ ਨੂੰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਇਕੱਠੇ ਹੋਏ ਇੱਕ ਪੱਖ ‘ਤੇ 3 ਕਾਰਾਂ ਵਿੱਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ 12 ਤੋਂ 15 ਰਾਊਂਡ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਉੱਥੇ ਮੌਜੂਦ 50 ਤੋਂ 70 ਨੌਜਵਾਨਾਂ ਵਿੱਚੋਂ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀ ਸ਼ਿਵਦਾਸਪੁਰ ਦੇ ਰਹਿਣ ਵਾਲੇ ਗੁਰਪ੍ਰੀਤ ਗੋਪੀ ਅਤੇ ਸੌਰਵ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪੁਲਿਸ ਨੇ ਪਹਿਲਾਂ ਹੀ ਮੁਕਾਬਲੇ ਦੌਰਾਨ ਦੋ ਮੁਲਜ਼ਮਾਂ ਜਤਿੰਦਰ ਅਤੇ ਰਕਸ਼ਿਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਭੁਲੱਥ ਦਾ ਲਵਪ੍ਰੀਤ ਉਰਫ਼ ਲਵੀ ਫਰਾਰ ਸੀ, ਜਿਸ ਨੂੰ ਅੱਜ ਪੁਲਿਸ ਨੇ ਮੁਕਾਬਲੇ ਦੌਰਾਨ ਕਾਬੂ ਕਰ ਲਿਆ ਹੈ।



