ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਪੰਜਾਬ ਦੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਹਨ। ਇਸ ਹਾਦਸੇ ਵਿੱਚ ਭਾਰਤੀ ਫੌਜ ਦੇ 10 ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚ ਨੂਰਪੁਰ ਬੇਦੀ ਦੇ ਪਿੰਡ ਚਨੌਲੀ ਦਾ 23 ਸਾਲਾ ਜੋਬਨਪ੍ਰੀਤ ਸਿੰਘ ਵੀ ਸ਼ਾਮਲ ਸੀ। ਜੋਬਨਪ੍ਰੀਤ ਆਪਣੇ ਪਿਤਾ, ਜੋ ਖੁਦ ਇੱਕ ਸਾਬਕਾ ਫੌਜੀ ਹਨ, ਦਾ ਇਕਲੌਤਾ ਪੁੱਤਰ ਸੀ।
ਫੌਜ ਦੀ ਗੱਡੀ ਜਦੋਂ ਭਦਰਵਾਹ ਤੋਂ ਖਨਾਈ ਟਾਪ ਵੱਲ ਜਾ ਰਹੀ ਸੀ, ਤਾਂ ਪਹਾੜੀ ਰਸਤੇ ‘ਤੇ ਅਚਾਨਕ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਕਈ ਹੋਰ ਜਵਾਨ ਗੰਭੀਰ ਜ਼ਖਮੀ ਵੀ ਹੋਏ ਹਨ। ਜੋਬਨਪ੍ਰੀਤ ਸਿੰਘ 2019 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦੀ ਸ਼ਹਾਦਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਇਸ ਬਹਾਦਰ ਜਵਾਨ ਨੂੰ ਨਮ ਅੱਖਾਂ ਨਾਲ ਯਾਦ ਕਰ ਰਿਹਾ ਹੈ।
ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ
ਸ਼ਹੀਦ ਜੋਬਨਪ੍ਰੀਤ ਸਿੰਘ ਦਾ ਵਿਆਹ 1 ਮਾਰਚ ਨੂੰ ਤੈਅ ਹੋਇਆ ਸੀ। ਪਰਿਵਾਰ ਨੇ ਵਿਆਹ ਲਈ ਸਾਰੀ ਖਰੀਦਦਾਰੀ ਕਰ ਲਈ ਸੀ ਅਤੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ; ਸਿਰ ‘ਤੇ ਸਿਹਰਾ ਸਜਣ ਤੋਂ ਪਹਿਲਾਂ ਹੀ ਪੁੱਤਰ ਦੀ ਸ਼ਹਾਦਤ ਦੀ ਖ਼ਬਰ ਘਰ ਪਹੁੰਚ ਗਈ।
ਪਿਤਾ ਦੀ ਭਾਵੁਕ ਅਪੀਲ
ਸ਼ਹੀਦ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪੁੱਤਰ ਨੇ ਫ਼ੋਨ ਕਰਕੇ ਕਿਹਾ ਸੀ ਕਿ ਉਹ ਇੱਕ ਆਪ੍ਰੇਸ਼ਨ ‘ਤੇ ਜਾ ਰਿਹਾ ਹੈ ਅਤੇ ਮੁੜ ਕੇ ਗੱਲ ਕਰੇਗਾ। ਰੋਂਦੇ ਹੋਏ ਪਿਤਾ ਨੇ ਕਿਹਾ, “ਮੇਰਾ ਤਾਂ ਇਕਲੌਤਾ ਪੁੱਤਰ ਚਲਾ ਗਿਆ, ਮੈਂ ਤਾਂ ਬਰਬਾਦ ਹੋ ਗਿਆ। ਮੈਂ ਬੱਸ ਇਹ ਚਾਹੁੰਦਾ ਹਾਂ ਕਿ ਇਸ ਹਾਦਸੇ ਦੀ ਜਾਂਚ ਹੋਵੇ ਤਾਂ ਜੋ ਕਿਸੇ ਹੋਰ ਮਾਂ ਦਾ ਲਾਲ ਇੰਝ ਨਾ ਜਾਵੇ।”