ਖਬਰਿਸਤਾਨ ਨੈੱਟਵਰਕ ਤਰਨਤਾਰਨ- ਸਰਹਾਲੀ ਕਲਾਂ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਵਿਦੇਸ਼ ਜਾਣ ਲਈ ਪੀਟੀਈ ਦੀ ਪੜ੍ਹਾਈ ਕਰ ਰਹੀ 25 ਸਾਲਾ ਲੜਕੀ ਨੇ ਆਪਣੀ ਹੀ ਮਸੇਰੀ ਭੈਣ, ਮਾਸੀ ਅਤੇ ਮਾਸੀ ਦੇ ਮੁੰਡੇ ਵੱਲੋਂ ਕਥਿਤ ਤੌਰ ’ਤੇ ਕਰੈਕਟਰ ’ਤੇ ਦਾਗ਼ ਲਗਾਉਣ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨੂੰ ਇਲਾਜ ਲਈ ਪਹਿਲਾਂ ਤਰਨਤਾਰਨ ਤੇ ਫਿਰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਬੀਤੀ ਦੇਰ ਰਾਤ ਲੜਕੀ ਨੇ ਦਮ ਤੋੜ ਦਿੱਤਾ। ਥਾਣਾ ਸਰਹਾਲੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮ੍ਰਿਤਕਾ ਦੀ ਮਾਸੀ ਸਮੇਤ ਉਸ ਦੀ ਕੁੜੀ ਤੇ ਮੁੰਡੇ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਲਖਵਿੰਦਰ ਕੌਰ ਵਿਧਵਾ ਹਰਜਿੰਦਰ ਸਿੰਘ ਪਿੰਡ ਜੌੜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਲੜਕੀ ਵੀਰਪਾਲ ਕੌਰ ਕਬੱਡੀ ਦੀ ਖਿਡਾਰਨ ਰਹੀ ਹੈ। ਉਹ ਬੀ ਏ ਦੀ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਲਈ ਪੀਟੀਈ ਦੀ ਪੜ੍ਹਾਈ ਅੰਮ੍ਰਿਤਸਰ ਦੇ ਇਕ ਸੈਂਟਰ ਤੋਂ ਕਰ ਰਹੀ ਸੀ। ਉਸ ਦੀ ਭਣੇਵੀਂ ਗਗਨਦੀਪ ਕੌਰ ਵੀ ਉਸ ਦੀ ਲੜਕੀ ਦੇ ਨਾਲ ਹੀ ਪੜ੍ਹਾਈ ਕਰਦੀ ਸੀ। ਗਗਨਦੀਪ ਕੌਰ ਦਾ ਚਾਲ ਚਲਣ ਠੀਕ ਨਹੀਂ ਸੀ ਜਦੋਂ ਵੀਰਪਾਲ ਕੌਰ ਨੂੰ ਗਗਨਦੀਪ ਕੌਰ ਦੇ ਕਥਿਤ ਤੌਰ ’ਤੇ ਚੱਲ ਰਹੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ ਤਾਂ ਗਗਨਦੀਪ ਕੌਰ ਨੇ ਉਲਟਾ ਵੀਰਪਾਲ ਕੌਰ ਦੇ ਚਰਿੱਤਰ ’ਤੇ ਹੀ ਉਂਗਲ ਚੁੱਕਣੀ ਸ਼ੁਰੂ ਕਰ ਦਿੱਤੀ। ਉਸ ਦੀ ਭਣੇਵੀਂ ਗਗਨਦੀਪ ਕੌਰ, ਭਣੇਵੇਂ ਗੁਰਲਾਲ ਸਿੰਘ ਅਤੇ ਭੈਣ ਮਨਜੀਤ ਕੌਰ ਨੇ ਸਾਡੇ ਰਿਸ਼ਤੇਦਾਰਾਂ ਵਿਚ ਇਹ ਗੱਲ ਘੁਮਾ ਦਿੱਤੀ ਕਿ ਉਸ ਦੀ ਲੜਕੀ ਦੇ ਕਈ ਲੜਕਿਆਂ ਨਾਲ ਨਾਜਾਇਜ਼ ਸਬੰਧ ਹਨ।
ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਲੜਕੀ ਨੇ 17 ਨਵੰਬਰ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਸ ਨੂੰ ਪਹਿਲਾਂ ਰਸੂਲਪੁਰ ਨਹਿਰਾਂ ਦੇ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਦੀ ਲੜਕੀ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਪਰ 25 ਨਵੰਬਰ ਨੂੰ ਉਸ ਦੀ ਲੜਕੀ ਨੇ ਦਮ ਤੋੜ ਦਿੱਤਾ। ਉਧਰ ਪੁਲਿਸ ਚੌਂਕੀ ਨੌਸ਼ਹਿਰਾ ਪੰਨੂੰਆਂ ਦੇ ਇੰਚਾਰਜ ਏਐੱਸਆਈ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਲਖਵਿੰਦਰ ਕੌਰ ਦੀ ਸ਼ਿਕਾਇਤ ’ਤੇ ਗਗਨਦੀਪ ਕੌਰ, ਮਨਜੀਤ ਕੌਰ ਅਤੇ ਗੁਰਲਾਲ ਸਿੰਘ ਵਾਸੀ ਮੁੰਡਾਪਿੰਡ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।