ਖਬਰਿਸਤਾਨ ਨੈੱਟਵਰਕ ਲੁਧਿਆਣਾ : ਭਰਾ ਵੱਲੋਂ ਆਪਣੇ ਛੋਟੇ ਭਰਾ ਦਾ ਕਤਲ ਕਰ ਦੇਣ ਦੀ ਜਾਣਕਾਰੀ ਮਿਲੀ ਹੈ। ਪਤਾ ਲੱਗਾ ਹੈ ਕਿ ਜ਼ਮੀਨ ਨੂੰ ਲੈ ਕੇ ਵਿਵਾਦ ਦੇ ਚਲਦੇ ਹੋਏ ਵੱਡੇ ਭਰਾ ਨੇ ਆਪਣੀ ਪਤਨੀ ਨਾਲ ਮਿਲ ਕੇ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ| ਦੱਸਿਆ ਜਾ ਰਿਹਾ ਕਿ ਮੁਲਜ਼ਮਾਂ ਨੇ ਬੇਰਹਿਮੀ ਨਾਲ ਸਿਰ ਵਿਚ ਰਾਡਾਂ ਮਾਰੀਆਂ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ| ਸੂਚਨਾ ਤੋਂ ਬਾਅਦ ਤੁਰੰਤ ਹਰਕਤ ਵਿਚ ਆਈ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੇ ਇੰਚਾਰਜ ਅਮਰਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਸੁਖਰਾਜ ਕੌਰ ਵਜੋਂ ਹੋਈ ਹੈ| ਪੁਲਸ ਨੇ ਰਾਜਵਿੰਦਰ ਸਿੰਘ(52) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਉਨ੍ਹਾਂ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਸਿੰਘ ਦਾ ਆਪਣੇ ਵੱਡੇ ਭਰਾ ਬਲਜੀਤ ਸਿੰਘ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ| ਮਧੁਬਾਲਾ ਇਨਕਲੇਵ ਵਿਚ ਰਹਿਣ ਵਾਲੇ ਦੋਵੇਂ ਭਰਾ ਵੱਖ ਵੱਖ ਮੰਜਲਾਂ ਉਤੇ ਰਹਿੰਦੇ ਸਨ| ਪਿਤਾ ਨੇ ਸਾਰੀ ਜਾਇਦਾਦ ਰਾਜਵਿੰਦਰ ਸਿੰਘ ਦੇ ਨਾਮ ਕਰ ਦਿੱਤੀ ,ਜਿਸਦੇ ਚਲਦੇ ਬਲਜੀਤ ਸਿੰਘ ਰਾਜਵਿੰਦਰ ਨਾਲ ਰੰਜਿਸ਼ ਰੱਖਣ ਲੱਗ ਪਿਆ| ਬਲਜੀਤ ਨੇ ਇਸ ਸਬੰਧੀ ਕੋਰਟ ਵਿਚ ਕੇਸ ਕਰ ਦਿੱਤਾ| ਇਸੇ ਗੱਲ ਨੂੰ ਲੈ ਕੇ ਦੋਹਾਂ ਭਰਾਵਾਂ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ|