ਜਲੰਧਰ/ CT ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਖ਼ਿਲਾਫ਼ ਜਲੰਧਰ ਦੇ ਐਨਆਰਆਈ ਥਾਣੇ ਵਿੱਚ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ (ਆਈਪੀਸੀ 420,406) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਪਤਨੀ ਨੇ ਖੁਦ ਉਸ 'ਤੇ 12 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ।
ਇਹ ਲੱਗੇ ਦੋਸ਼
ਦੱਸ ਦੇਈਏ ਕਿ ਇਸ ਗੱਲ ਦੀ ਪੁਸ਼ਟੀ ਐਨਆਰਆਈ ਥਾਣੇ ਦੇ ਐਸਐਚਓ ਅਮਿਤ ਸੰਧੂ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਰਪ੍ਰੀਤ ਦੀ ਪਤਨੀ ਸੀਰਤ ਕੌਰ ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿੰਦੀ ਹੈ। ਉਹ ਮੂਲ ਰੂਪ ਵਿੱਚ ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਸ ਨੇ ਆਪਣੇ ਪਤੀ ਹਰਪ੍ਰੀਤ ਸਿੰਘ, ਵਾਸੀ ਮਾਡਲ ਟਾਊਨ, ਜਲੰਧਰ ਦੇ ਖਿਲਾਫ ਐਨਆਰਆਈ ਵਿੰਗ, ਮੁਹਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਿਹਾ ਸੀ ਕਿ ਉਸ ਨੇ ਜੁਲਾਈ 2014 ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ 4 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ, ਜਿਸ ਵਿੱਚ ਕਰੀਬ 8 ਲੱਖ ਰੁਪਏ ਮਾਰਚ 2020 ਵਿਚ ਮਿਲਣੇ ਸਨ।
ਜਾਣੋ ਪੂਰਾ ਮਾਮਲਾ
ਉਸ ਨੇ ਜੁਲਾਈ 2014 ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ 4 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ ਜੋ ਕਿ ਮਾਰਚ 2020 ਵਿੱਚ ਲਗਭਗ 8 ਲੱਖ ਮਿਲਣੇ ਸਨ। ਸੀਰਤ ਨੇ ਆਪਣੇ ਬਿਆਨ 'ਚ ਕਿਹਾ ਕਿ 4 ਜਨਵਰੀ 2024 ਨੂੰ ਹਰਪ੍ਰੀਤ ਸਿੰਘ ਨੇ ਧੋਖੇ ਨਾਲ ਉਸ ਦੇ ਜਾਅਲੀ ਦਸਤਖਤ ਕਰ ਕੇ ਨਿਵੇਸ਼ ਨੂੰ ਰੇਡਮ ਕਰ ਕੇ ਕਰੀਬ 12.27 ਲੱਖ ਰੁਪਏ ਦੀ ਰਕਮ ਉਸ ਨੇ ਆਪਣੇ ਜੁਆਇੰਟ ਖਾਤੇ 'ਚ ਜਮ੍ਹਾ ਕਰਵਾ ਦਿੱਤੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਜੁਆਇੰਟ ਖਾਤਾ ਸੀਰਤ ਦੇ ਨਾਂ 'ਤੇ ਸੀ ਜਦਕਿ ਉਸ ਨੇ ਖਾਤਾ ਖੋਲ੍ਹਣ ਲਈ ਕਦੇ ਦਸਤਖਤ ਨਹੀਂ ਕੀਤੇ ਸਨ। ਇਸ ਤੋਂ ਬਾਅਦ ਹਰਪ੍ਰੀਤ ਨੇ ਉਹ ਰਕਮ ਕਿਸੇ ਹੋਰ ਪ੍ਰਾਈਵੇਟ ਬੈਂਕ ਦੇ ਆਪਣੇ ਨਿੱਜੀ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ।
ਪਤਨੀ ਨੇ ਸ਼ਿਕਾਇਤ ਵਿਚ ਕੀ ਕਿਹਾ
ਸੀਰਤ ਨੇ ਆਪਣੀ ਸ਼ਿਕਾਇਤ 'ਚ ਖਾਸ ਗੱਲ ਇਹ ਦੱਸੀ ਕਿ ਉਸ ਸਮੇਂ ਉਹ ਆਪਣੇ ਪਰਿਵਾਰ ਨਾਲ ਅਮਰੀਕਾ 'ਚ ਸੀ ਅਤੇ ਭਾਰਤ 'ਚ ਬਿਲਕੁਲ ਨਹੀਂ ਸੀ। ਸੀਰਤ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਹਰਪ੍ਰੀਤ ਸਿੰਘ ਨਾਲ ਵਿਆਹ ਦਾ ਕੇਸ ਚੱਲ ਰਿਹਾ ਹੈ ਅਤੇ ਹਰਪ੍ਰੀਤ ਖ਼ਿਲਾਫ਼ ਦਸੰਬਰ 2019 ਵਿੱਚ ਐਨਆਰਆਈ ਸੈੱਲ ਮੁਹਾਲੀ ਵਿੱਚ ਐਫਆਈਆਰ ਵੀ ਦਰਜ ਕਰਵਾਈ ਗਈ ਸੀ।
ਕੇਸ ਹੋਇਆ ਦਰਜ
ਐਨ.ਆਰ.ਆਈ ਵਿੰਗ ਐਸ.ਏ.ਐਸ.ਨਗਰ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਐਨ.ਆਰ.ਆਈ ਪੁਲਿਸ ਥਾਣਾ ਜਲੰਧਰ ਨੇ ਕਾਨੂੰਨੀ ਸਲਾਹਕਾਰ ਐਨ.ਆਰ.ਆਈ ਵਿੰਗ ਦੀ ਰਾਏ ਲੈ ਕੇ ਫਿਲਹਾਲ ਆਈ.ਪੀ.ਸੀ ਦੀ ਧਾਰਾ 406 ਅਤੇ 420 (ਬੀ.ਐਨ.ਸੀ. 316/2, 318/4) ਤਹਿਤ ਮਾਮਲਾ ਦਰਜ ਕਰ ਲਿਆ ਹੈ। .
ਸੂਤਰਾਂ ਅਨੁਸਾਰ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਅੰਤਰਿਮ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਦੋਸ਼ੀ ਹਰਪ੍ਰੀਤ ਸਿੰਘ ਸੀਟੀ ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਛੋਟਾ ਪੁੱਤਰ ਹੈ।
ਮੇਰੇ 'ਤੇ ਲੱਗੇ ਦੋਸ਼ ਬੇਬੁਨਿਆਦ ਹਨ-ਹਰਪ੍ਰੀਤ
ਇਸ ਦੇ ਨਾਲ ਹੀ ਇਸ ਸਬੰਧੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰੇ 'ਤੇ ਲੱਗੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਸਿਆਸੀ ਦਬਾਅ ਹੇਠ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਪੱਖਾਂ ਨੂੰ ਨਿਰਪੱਖਤਾ ਨਾਲ ਵਿਚਾਰਨਾ ਜ਼ਰੂਰੀ ਹੈ। ਮੈਂ ਮੀਡੀਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਿਰਫ ਸੱਚ ਅਤੇ ਅਸਲ ਮੁੱਦਾ ਦਿਖਾਉਣ।