ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ ਮੌਸਮ ਬਦਲ ਗਿਆ ਹੈ। ਚੰਡੀਗੜ੍ਹ 'ਚ ਐਤਵਾਰ ਸ਼ਾਮ ਨੂੰ ਮੀਂਹ ਪਿਆ। ਜਿਸ ਕਾਰਨ ਠੰਡ ਹੋਰ ਵਧ ਗਈ ਹੈ। ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਠੰਡ ਨੇ ਜ਼ੋਰ ਫੜ ਲਿਆ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸਵੇਰ ਅਤੇ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਅਤੇ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਕੋਹਰੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਹਿਮਾਚਲ 'ਚ ਸੀਜ਼ਨ ਦੀ ਪਹਿਲੀ ਬਰਫਬਾਰੀ
ਦਰਅਸਲ, ਵੈਸਟਰਨ ਡਿਸਟਰਬੈਂਸ ਸਰਗਰਮ ਹੈ। ਜਿਸ ਕਾਰਨ ਕੱਲ੍ਹ ਸ਼ਾਮ ਅਤੇ ਰਾਤ ਨੂੰ ਹਿਮਾਚਲ ਪ੍ਰਦੇਸ਼ ਦੇ ਉੱਚ ਅਤੇ ਦਰਮਿਆਨੇ ਖੇਤਰਾਂ ਵਿੱਚ ਮੌਸਮੀ ਬਰਫਬਾਰੀ ਹੋਈ। ਲਾਹੌਲ ਸਪਿਤੀ ਦੇ ਕਈ ਇਲਾਕਿਆਂ 'ਚ ਪੰਜ ਤੋਂ ਛੇ ਇੰਚ ਬਰਫ਼ ਪਈ ਹੈ। ਸੋਲਨ, ਸ਼ਿਮਲਾ, ਮੰਡੀ, ਕਾਂਗੜਾ, ਕੁੱਲੂ ਅਤੇ ਸਿਰਮੌਰ ਦੀਆਂ ਉੱਚੀਆਂ ਪਹਾੜੀਆਂ 'ਤੇ ਇਹ ਸੀਜ਼ਨ ਦੀ ਪਹਿਲੀ ਬਰਫਬਾਰੀ ਹੈ। ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਹੀ ਇਸ ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਕੋਹਰੇ ਦਾ ਅਲਰਟ ਜਾਰੀ
ਇਸ ਤੋਂ ਇਲਾਵਾ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ ਨਗਰ ਤੇ ਮਲੇਰਕੋਟਲਾ ਵਿੱਚ ਕੋਹਰੇ ਦਾ ਅਲਰਟ ਹੈ।
ਸੀਤ ਲਹਿਰ ਦੇ ਦੌਰਾਨ ਬਦਲੇਗਾ ਮੌਸਮ
ਹੁਣ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੋਹਰੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਰ 11 ਦਸੰਬਰ ਤੋਂ ਠੰਡ ਲੋਕਾਂ ਨੂੰ ਕਾਫੀ ਪਰੇਸ਼ਾਨ ਕਰੇਗੀ। ਪੰਜਾਬ-ਚੰਡੀਗੜ੍ਹ ਦੇ ਨਾਲ ਲੱਗਦੇ ਪਹਾੜੀ ਜ਼ਿਲਿਆਂ 'ਚ ਬਰਫਬਾਰੀ ਹੋ ਰਹੀ ਹੈ। ਜਿਸ ਕਾਰਨ ਠੰਡੀਆਂ ਹਵਾਵਾਂ ਹੁਣ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਵਧ ਰਹੀਆਂ ਹਨ। ਜਿਸ ਕਾਰਨ ਹੁਣ ਠੰਡ ਹੋਰ ਵਧ ਜਾਵੇਗੀ। ਮੌਸਮ ਵਿਭਾਗ ਨੇ ਹੁਣ 11 ਦਸੰਬਰ ਅਤੇ ਉਸ ਤੋਂ ਬਾਅਦ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਜੰਮੂ-ਕਸ਼ਮੀਰ 'ਚ ਬਰਫਬਾਰੀ ਤੋਂ ਬਾਅਦ ਸੜਕ 'ਤੇ ਫਿਸਲ ਰਹੇ ਵਾਹਨ
ਜੰਮੂ-ਕਸ਼ਮੀਰ 'ਚ ਐਤਵਾਰ ਨੂੰ ਵੀ ਬਰਫਬਾਰੀ ਦਰਜ ਕੀਤੀ ਗਈ ਹੈ। ਬਰਫਬਾਰੀ ਤੋਂ ਬਾਅਦ ਘਾਟੀ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ 10 ਡਿਗਰੀ ਤੋਂ ਹੇਠਾਂ ਆ ਗਿਆ ਹੈ। ਇਸ ਬਰਫਬਾਰੀ ਕਾਰਨ ਸਥਿਤੀ ਕਾਫੀ ਖਤਰਨਾਕ ਹੋ ਗਈ ਹੈ। ਇੱਥੇ ਸੈਲਾਨੀਆਂ ਦੇ ਵਾਹਨ ਤਿਲਕਦੇ ਨਜ਼ਰ ਆ ਰਹੇ ਹਨ। ਚੰਗੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਹਾਦਸੇ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।