ਪੱਛਮੀ ਹਿਮਾਲੀਅਨ ਰਾਜਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ। ਪਹਾੜਾਂ 'ਤੇ ਬਰਫਬਾਰੀ ਕਾਰਨ ਪੰਜਾਬ ਅਤੇ ਚੰਡੀਗੜ੍ਹ 'ਚ ਵੀ ਸੀਤ ਲਹਿਰ ਚੱਲ ਰਹੀ ਹੈ। ਇਸ ਕਾਰਨ ਮੌਸਮ ਵਿਭਾਗ ਨੇ 14 ਦਸੰਬਰ ਤੱਕ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 0.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਸੂਬੇ 'ਚ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਆਨੰਦਪੁਰ ਸਾਹਿਬ ਵਿੱਚ 22.2 ਡਿਗਰੀ ਦਰਜ ਕੀਤਾ ਗਿਆ। ਬਾਕੀ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ ਇਸ ਤੋਂ ਘੱਟ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਦਰਜ ਕੀਤਾ ਗਿਆ।
ਸੀਤ ਲਹਿਰ ਨੂੰ ਲੈ ਕੇ ਯੈਲੋ ਅਲਰਟ ਜਾਰੀ
ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਮੋਹਾਲੀ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਜੇ ਤੱਕ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਅਜਿਹੇ 'ਚ ਮੌਸਮ ਖੁਸ਼ਕ ਰਹੇਗਾ।
ਹਰਿਆਣਾ ਦੇ 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ
ਪਹਾੜਾਂ 'ਤੇ ਲਗਾਤਾਰ ਹੋ ਰਹੀ ਬਰਫਬਾਰੀ ਦਾ ਅਸਰ ਹਰਿਆਣਾ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਹੋ ਰਹੀ ਹੈ। ਮੌਸਮ ਵਿਭਾਗ ਦੇ ਕੋਲਡ ਵੇਵ ਅਲਰਟ ਦੇ ਦੂਜੇ ਦਿਨ ਪਾਰੇ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਆਈਐਮਡੀ ਦੇ ਮੁਤਾਬਕ ਅਗਲੇ ਚਾਰ ਦਿਨਾਂ ਤੱਕ ਸੀਤ ਲਹਿਰ ਜਾਰੀ ਰਹੇਗੀ। ਪੰਚਕੂਲਾ, ਮਹਿੰਦਰਗੜ੍ਹ, ਰੇਵਾੜੀ, ਮੇਵਾਤ, ਪਲਵਲ, ਹਿਸਾਰ, ਭਿਵਾਨੀ, ਚਰਖੀ ਦਾਦਰੀ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।