ਅੰਮ੍ਰਿਤਸਰ 'ਚ ਲੋਹੜੀ ਮਨਾਉਂਦੇ ਸਮੇਂ ਧਮਾਕਾ ਹੋ ਗਿਆ, ਜਿਸ 'ਚ ਪਰਿਵਾਰ ਦਾ ਵਾਲ-ਵਾਲ ਬਚਾਅ ਹੋਇਆ। ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਛੀਨਾ ਦੀ ਹੈ ਜਿੱਥੇ ਲੋਹੜੀ ਮੌਕੇ ਪਰਿਵਾਰਕ ਮੈਂਬਰਾਂ ਨੇ ਘਰ 'ਚ ਲੋਹੜੀ ਮੌਕੇ ਭੁੱਗਾ ਬਾਲਿਆ ਹੋਇਆ ਸੀ। ਅਚਾਨਕ ਇੱਕ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਚੰਗਿਆੜੀਆਂ ਨਿਕਲੀਆਂ, ਜਿਸ ਨਾਲ ਪਰਿਵਾਰਕ ਮੈਂਬਰਾਂ ਦੇ ਕੱਪੜੇ ਸੜ ਗਏ ਪਰ ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ।
ਚੰਗਿਆੜੀਆਂ ਪਰਿਵਾਰਕ ਮੈਂਬਰਾਂ 'ਤੇ ਡਿੱਗ ਪਈਆਂ
ਪਰਿਵਾਰਕ ਮੈਂਬਰ ਜਸਪਿੰਦਰ ਸਿੰਘ ਨੇ ਦੱਸਿਆ ਕਿ ਲੋਹੜੀ ਦੇ ਮੌਕੇ 'ਤੇ ਪੂਰਾ ਪਰਿਵਾਰ ਇਕੱਠਾ ਹੋਇਆ ਸੀ ਅਤੇ ਰੀਤੀ-ਰਿਵਾਜਾਂ ਅਨੁਸਾਰ ਭੁੱਗਾ ਬਾਲਿਆ ਗਿਆ। ਇਸ ਦੌਰਾਨ ਅਚਾਨਕ ਰਸੋਈ 'ਚ ਧਮਾਕਾ ਹੋਇਆ ਅਤੇ ਪੂਰਾ ਪਰਿਵਾਰ ਡਰ ਗਿਆ। ਧਮਾਕੇ ਤੋਂ ਬਾਅਦ ਨਿਕਲੀਆਂ ਚੰਗਿਆੜੀਆਂ ਘਰ ਦੇ ਮੈਂਬਰਾਂ 'ਤੇ ਡਿੱਗ ਪਈਆਂ, ਜਿਸ ਵਿੱਚ ਉਨ੍ਹਾਂ ਦੇ ਕੱਪੜੇ ਸੜ ਗਏ।
ਇਸ ਕਾਰਨ ਹੋਇਆ ਧਮਾਕਾ
ਉਸ ਨੇ ਅੱਗੇ ਦੱਸਿਆ ਕਿ ਅਸਲ ਵਿੱਚ ਪਰਿਵਾਰ ਨੇ ਅੱਗ ਸਿੱਧੇ ਪੱਥਰ ਦੀਆਂ ਟਾਈਲਾਂ 'ਤੇ ਬਾਲ ਦਿੱਤੀ ਸੀ। ਅੱਗ ਕਾਰਨ ਟਾਈਲਾਂ ਚਿਟਕ ਗਈਆਂ, ਜਿਸ ਕਾਰਨ ਜ਼ਬਰਦਸਤ ਧਮਾਕਾ ਹੋਇਆ ਅਤੇ ਉਸ ਵਿੱਚੋਂ ਚੰਗਿਆੜੀਆਂ ਨਿਕਲੀਆਂ।
ਲੋਕਾਂ ਨੂੰ ਸਲਾਹ
ਜਸਵਿੰਦਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਲੋਹੜੀ ਜਾਂ ਕਿਸੇ ਹੋਰ ਮੌਕੇ 'ਤੇ ਅੱਗ ਬਾਲਣ ਤਾਂ ਕਦੇ ਵੀ ਸਿੱਧੇ ਫਰਸ਼ ਉਤੇ ਨਾ ਬਾਲੋ | ਕਿਉਂਕਿ ਅੱਗ ਲੱਗਣ ਕਾਰਨ ਫਰਸ਼ ਗਰਮ ਹੋ ਜਾਂਦਾ ਹੈ ਅਤੇ ਤਰੇੜਾਂ ਪੈ ਜਾਂਦੀਆਂ ਹਨ ਅਤੇ ਧਮਾਕਾ ਹੋਣ ਦੀ ਸੰਭਾਵਨਾ ਹੁੰਦੀ ਹੈ।