ਖਬਰਿਸਤਾਨ ਨੇਟਵਰਕ। ਸੋਸ਼ਲ ਮੀਡਿਆ ‘ਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦਾ ਇੱਕ ਕਥਿਤ ਬਿਆਨ ਕਾਫੀ ਵਾਇਰਲ ਹੈ। ਜਿਸ ਮੁਤਾਬਕ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿੱਚ ਕਿਸੇ ਵੀ ਸਿੱਖ ਦੀ ਪੱਗ ਲਾਹਣ ਵਾਲੇ ਨੂੰ 10 ਸਾਲ ਦੀ ਸਜਾ ਹੋਵੇਗੀ। ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਟਰੂਡੋ ਨੇ ਹਾਲ – ਫਿਲਹਾਲ ਵਿੱਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਪੇਜ “Canada Vich Jatt Punjab De officially ” ਨੇ 29 ਜੁਲਾਈ ਨੂੰ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਵਿੱਚ ਜਸਟਿਨ ਟਰੂਡੋ ਦੀ ਤਸਵੀਰ ਨਾਲ ਲਿਖਿਆ ਹੈ: ਕੈਨੇਡਾ ਦੇ ਪ੍ਰਧਾਨਮੰਤਰੀ ਦਾ ਐਲਾਨ , ਸਿਖਾਂ ਦੀ ਪੱਗ ਲਾਹਣ ਵਾਲੇ ਨੂੰ ਹੋਵੇਗੀ 10 ਸਾਲ ਦੀ ਜੇਲ।”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।
ਨਹੀਂ ਮਿਲੀਆ ਕੋਈ ਸਬੂਤ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕਰਨਾ ਸ਼ੁਰੂ ਕੀਤਾ। ਸਰਚ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਇਹ ਪੋਸਟ ਬਹੁਤ ਪਹਿਲਾਂ ਤੋਂ ਇਸ ਹੀ ਦਾਅਵੇ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੈ।
ਸਾਡੀ ਪੜਤਾਲ ਵਿੱਚ ਸਾਨੂੰ punemirror.com ਦੀ ਵੈੱਬਸਾਈਟ ‘ਤੇ ਇੱਕ ਖਬਰ ਪ੍ਰਕਾਸ਼ਿਤ ਮਿਲੀ।4 ਜੁਲਾਈ 2016 ਨੂੰ ਪ੍ਰਕਾਸ਼ਿਤ ਖਬਰ ਮੁਤਾਬਿਕ, ‘ਕੈਨੇਡਾ ਦੇ ਕਿਊਬਿਕ ਵਿੱਚ ਸੁਪਿੰਦਰ ਸਿੰਘ ਨਾਂ ਦੇ ਸਿੱਖ ਨੌਜਵਾਨ ਦੀ ਚਾਰ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਅਤੇ ਨਾਲ ਹੀ ਉਸ ਨਾਲ ਬਦਸਲੂਕੀ ਵੀ ਕੀਤੀ ਗਈ। ਸਿੱਖ ਵਿਅਕਤੀ ਨੇ ਦੱਸਿਆ ਕਿ ਉਸ ਦੇ ਰੰਗ ਅਤੇ ਪੱਗ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਕੁੱਟਮਾਰ ਦੌਰਾਨ ਉਸ ਦੀ ਪੱਗ ਖੁੱਲ੍ਹ ਗਈ ਸੀ। ਘਟਨਾ ਦੇ ਮੁੱਖ ਦੋਸ਼ੀ 22 ਸਾਲਾ ਗੈਬਰੀਅਲ ਰੋਏਰ ਟ੍ਰੇਮਬਲੇ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 10 ਮਹੀਨਿਆਂ ਕੈਦ ਦੀ ਸਜ਼ਾ ਸੁਣਾਈ ਸੀ। ਇਸ ਘਟਨਾ ਦੀ ਕੈਨੇਡਾ ਵਿੱਚ ਵਿਆਪਕ ਨਿੰਦਾ ਹੋਈ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਵੀ ਇਸ ਘਟਨਾ ਬਾਰੇ ਉਸ ਸਮੇਂ ਕਿਹਾ ਸੀ ਕਿ ਅਜਿਹੀਆਂ “ਨਫ਼ਰਤ ਭਰੀਆਂ ਕਾਰਵਾਈਆਂ” ਦੀ “ਕੈਨੇਡਾ ਵਿੱਚ ਕੋਈ ਥਾਂ ਨਹੀਂ” ਹੈ।
ਇਸ ਤੋਂ ਇਲਾਵਾ ਗੂਗਲ ਤੇ ਵੀ ਪੀਐਮ ਜਸਟਿਨ ਟਰੂਡੋ ਵੱਲੋਂ ਹਾਲ – ਫਿਲਹਾਲ ਵਿੱਚ ਦਿੱਤਾ ਗਿਆ ਅਜਿਹਾ ਕੋਈ ਬਿਆਨ ਨਹੀਂ ਮਿਲਿਆ। ਸਾਡੀ ਜਾਂਚ ਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਪੁਰਾਣੀ ਘਟਨਾ ਨੂੰ ਹਾਲੀਆ ਸਮਝਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਜੇਕਰ ਅਜਿਹਾ ਕੋਈ ਵੀ ਬਿਆਨ ਜਸਟਿਨ ਟਰੂਡੋ ਵੱਲੋਂ ਦਿੱਤਾ ਗਿਆ ਹੁੰਦਾ ਤਾਂ ਕਿਸੇ ਨਾ ਕਿਸੇ ਮੀਡਿਆ ਸੰਸਥਾਨ ਵਿੱਚ ਉਸਦੀ ਖ਼ਬਰ ਜ਼ਰੂਰ ਹੁੰਦੀ , ਪਰ ਸਾਨੂੰ ਇਸ ਪੋਸਟ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ। ਕੈਨੇਡਾ ਦੇ ਮੀਡਿਯਾ ਮੁਤਾਬਕ ਵਾਇਰਲ ਦਾਅਵਾ ਗ਼ਲਤ ਹੈ। ਅਜਿਹਾ ਕੋਈ ਬਿਆਨ ਪ੍ਰਧਾਨ ਮੰਤਰੀ ਵੱਲੋਂ ਨਹੀਂ ਦਿੱਤਾ ਗਿਆ ਹੈ।
ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਪੀਐਮ ਜਸਟਿਨ ਟਰੂਡੋ ਨੇ ਹਾਲ – ਫਿਲਹਾਲ ਵਿੱਚ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਸਾਨੂੰ ਜਸਟਿਨ ਟਰੂਡੋ ਵੱਲੋਂ ਦਿੱਤਾ ਅਜਿਹਾ ਕੋਈ ਬਿਆਨ ਨਹੀਂ ਮਿਲਿਆ।