ਸਾਬਕਾ ਭਾਰਤੀ ਕ੍ਰਿਕਟਰ ਅਤੇ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਬਿਸ਼ਨ ਸਿੰਘ ਬੇਦੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਵਿੱਚ 67 ਟੈਸਟ ਮੈਚ ਖੇਡੇ, ਜਿਸ ਵਿੱਚ ਉਨ੍ਹਾਂ ਨੇ 266 ਵਿਕਟਾਂ ਲਈਆਂ। ਉਨ੍ਹਾਂ ਨੇ 10 ਵਨਡੇ ਮੈਚਾਂ 'ਚ 7 ਵਿਕਟਾਂ ਵੀ ਲਈਆਂ।
ਅੰਮ੍ਰਿਤਸਰ ਵਿਖੇ ਹੋਇਆ ਸੀ ਜਨਮ
ਬਿਸ਼ਨ ਸਿੰਘ ਬੇਦੀ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਨੇ 1966 ਵਿੱਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਆਪਣੀ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਲਈ ਜਾਣੇ ਜਾਂਦੇ ਸਨ।
ਟੀਮ ਇੰਡੀਆ ਦੀ ਕਪਤਾਨੀ ਵੀ ਕੀਤੀ
ਜਦੋਂ ਭਾਰਤੀ ਕਪਤਾਨ ਅਜੀਤ ਵਾਡੇਕਰ 1971 ਵਿੱਚ ਇੰਗਲੈਂਡ ਦੌਰੇ ਦੌਰਾਨ ਜ਼ਖ਼ਮੀ ਹੋ ਗਏ ਸਨ ਤਾਂ ਉਨ੍ਹਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਟੀਮ ਦੀ ਅਗਵਾਈ ਕੀਤੀ ਸੀ। ਇਸ ਦੌਰੇ 'ਤੇ ਭਾਰਤੀ ਟੀਮ ਨੇ ਇੰਗਲੈਂਡ ਦੀ ਧਰਤੀ 'ਤੇ ਆਪਣੀ ਪਹਿਲੀ ਟੈਸਟ ਜਿੱਤ ਹਾਸਲ ਕੀਤੀ।
ਭਾਰਤ ਨੂੰ ਵਿਸ਼ਵ ਕੱਪ 'ਚ ਪਹਿਲੀ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ
ਇਰਾਪੱਲੀ ਪ੍ਰਸੰਨਾ, ਬੀਐਸ ਚੰਦਰਸ਼ੇਖਰ ਅਤੇ ਐਸ ਵੈਂਕਟ ਰਾਘਵਨ ਦੇ ਨਾਲ ਬਿਸ਼ਨ ਸਿੰਘ ਬੇਦੀ ਨੇ ਭਾਰਤ ਦੀ ਪਹਿਲੀ ਵਨਡੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਬੇਦੀ ਦੇ 12-8-6-1 ਦੇ ਅੰਕੜਿਆਂ ਨੇ 1975 ਦੇ ਵਿਸ਼ਵ ਕੱਪ ਵਿੱਚ ਸਾਊਥ ਅਫਰੀਕਾ ਨੂੰ 120 ਦੌੜਾਂ ਤੱਕ ਸੀਮਤ ਕਰ ਦਿੱਤਾ।