ਜਲੰਧਰ ਦੇ ਸੈਦਾਂ ਗੇਟ ਬਾਜ਼ਾਰ 'ਚ ਦੁਪਹਿਰ ਸਮੇਂ ਅਚਾਨਕ ਇਕ ਦੁਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਬਾਜ਼ਾਰ ਵਿੱਚ ਹਫੜਾ-ਦਫੜੀ ਵਾਲਾ ਮਹੌਲ ਬਣ ਗਿਆ। ਦੁਕਾਨ ਦੀ ਛੱਤ ਡਿੱਗਣ ਨਾਲ ਬਾਹਰ ਖੜ੍ਹੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਵੀ ਵਿਅਕਤੀ ਹੇਠਾਂ ਮੌਜੂਦ ਨਹੀਂ ਸੀ, ਨਹੀਂ ਤਾਂ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਇਸ ਘਟਨਾ 'ਚ 6 ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਦੁਕਾਨ 'ਤੇ ਚੱਲ ਰਿਹਾ ਸੀ ਨਿਰਮਾਣ ਕਾਰਜ
ਦੱਸਿਆ ਜਾ ਰਿਹਾ ਹੈ ਕਿ ਦੁਕਾਨ 'ਤੇ ਪਿਛਲੇ ਕੁਝ ਸਮੇਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਸੀ ਪਰ ਬਾਹਰੋਂ ਕੋਈ ਸਹਾਰਾ ਨਾ ਦੇਣ ਕਾਰਨ ਦੁਕਾਨ ਦੀ ਛੱਤ ਡਿੱਗ ਪਈ। ਇਸ ਦੌਰਾਨ ਬਾਹਰ ਖੜ੍ਹੀਆਂ 2 ਐਕਟਿਵਾ ਵੀ ਨੁਕਸਾਨੀਆਂ ਗਈਆਂ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ।
ਹੋਰ ਦੁਕਾਨਾਂ ਦਾ ਵੀ ਨੁਕਸਾਨ ਹੋਇਆ
ਉਕਤ ਵਿਅਕਤੀ ਨੇ ਦੱਸਿਆ ਕਿ ਐਕਟਿਵਾ ਉਤੇ ਨੌਜਵਾਨ ਬੈਠੇ ਸਨ, ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਉਠ ਕੇ ਗਏ ਸਨ, ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਵਿਅਕਤੀ ਦਾ ਕਹਿਣਾ ਹੈ ਕਿ ਘਟਨਾ ਦੌਰਾਨ ਸ਼ੈੱਡ ਸਮੇਤ ਦੁਕਾਨਦਾਰਾਂ ਦੇ ਏ.ਸੀ ਪੁਆਇੰਟ ਵੀ ਟੁੱਟ ਗਏ। ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਮਾਰਕੀਟ ਪ੍ਰਧਾਨ ਨੇ ਕਰਵਾਇਆ ਮਾਮਲਾ ਸ਼ਾਂਤ
ਇਸ ਘਟਨਾ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਬਹਿਸ ਹੋ ਗਈ, ਜਿਸ ਤੋਂ ਬਾਅਦ ਮਾਰਕੀਟ ਪ੍ਰਧਾਨ ਸ਼ੈਰੀ ਚੱਢਾ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸ਼ਾਂਤ ਕਰਵਾਇਆ।