ਦੇਸ਼ ਦੇ ਕਈ ਰਾਜਾਂ 'ਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਕਾਰਨ 4 ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕ ਗਈ। ਹੁਣ ਤੱਕ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 70 ਹਸਪਤਾਲ 'ਚ ਹਨ, ਜਦਕਿ 400 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਹਵਾਈ ਸੈਨਾ ਦੇ 2 ਹੈਲੀਕਾਪਟਰ ਬਚਾਅ ਕਾਰਜ 'ਚ ਜੁਟੇ
SDRF ਅਤੇ NDRF ਦੀਆਂ ਟੀਮਾਂ ਬਚਾਅ ਲਈ ਮੌਕੇ 'ਤੇ ਮੌਜੂਦ ਹਨ। ਕੰਨੂਰ ਤੋਂ ਫੌਜ ਦੇ 225 ਜਵਾਨਾਂ ਨੂੰ ਵਾਇਨਾਡ ਭੇਜਿਆ ਗਿਆ ਹੈ। ਇਸ ਵਿੱਚ ਮੈਡੀਕਲ ਟੀਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਵੀ ਬਚਾਅ ਕਾਰਜ ਵਿਚ ਲੱਗੇ ਹੋਏ ਹਨ।
ਅੱਜ ਵੀ ਭਾਰੀ ਮੀਂਹ ਦੀ ਸੰਭਾਵਨਾ
ਵਾਇਨਾਡ ਦੇ 4 ਪਿੰਡਾਂ ਮੁੰਡਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਜਿਸ ਕਾਰਨ 4 ਪਿੰਡ ਵਹਿ ਗਏ। ਘਰ , ਪੁਲ, ਸੜਕਾਂ ਅਤੇ ਵਾਹਨ ਵੀ ਵਹਿ ਗਏ। ਵਾਇਨਾਡ ਤੋਂ ਇਲਾਵਾ, ਮੌਸਮ ਵਿਭਾਗ ਨੇ ਅੱਜ ਕੋਝੀਕੋਡ, ਮਲਪੁਰਮ ਅਤੇ ਕਾਸਰਗੋਡ ਵਿੱਚ ਵੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਭਾਵ ਅੱਜ ਵੀ ਇੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
17 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ
ਅੱਜ ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਗੋਆ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਰਾਜਸਥਾਨ, ਕੇਰਲ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ, ਸਿੱਕਮ, ਅਸਾਮ, ਮੇਘਾਲਿਆ, ਝਾਰਖੰਡ ਸ਼ਾਮਲ ਹਨ।