ਲੁਧਿਆਣਾ ਦੇ ਜਗਰਾਉਂ 'ਚ ਦੋ ਭਰਾਵਾਂ ਨੇ ਮਿਲ ਕੇ ਆਪਣੀ ਹੀ ਭੈਣ ਦੇ ਘਰ ਚੋਰੀ ਨੂੰ ਅੰਜਾਮ ਦਿੱਤਾ ਹੈ। ਘਟਨਾ ਤੋਂ ਬਾਅਦ ਪੀੜਤ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਚੋਰੀ ਦਾ ਸੋਨਾ ਖਰੀਦਣ ਵਾਲੇ ਜਵੈਲਰ ਸਮੇਤ 3 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਉਰਫ਼ ਮਨੀ ਵਾਸੀ ਕੋਟ-ਮਾਨ, ਜਸਵੰਤ ਸਿੰਘ ਉਰਫ਼ ਬਾਂਬਾ ਵਾਸੀ ਮੰਡਿਆਣੀ ਅਤੇ ਕਾਲਾ ਗਰਗ ਜਵੈਲਰਜ਼ ਦੇ ਮਾਲਕ ਸਿੱਧਵਾਂ ਬੇਟ ਵਜੋਂ ਹੋਈ ਹੈ।
ਜਾਣੋ ਪੂਰਾ ਮਾਮਲਾ
ਪੁਲਸ ਨੇ ਦੱਸਿਆ ਕਿ ਪੀੜਤ ਔਰਤ ਸੰਦੀਪ ਕੌਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਦੋ ਬੱਚਿਆਂ ਸਮੇਤ ਪਿੰਡ ਮੰਡਿਆਣੀ ਵਿੱਚ ਇੱਕ ਬੁਟੀਕ ਵਿੱਚ ਕੰਮ ਕਰਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੀ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਦੋ ਭਰਾ ਮਨਦੀਪ ਸਿੰਘ ਅਤੇ ਜਸਵੰਤ ਸਿੰਘ ਹਨ। ਜਿਨ੍ਹਾਂ ਵਿੱਚੋਂ ਮਨਦੀਪ ਸਿੰਘ ਵਿਆਹਿਆ ਹੋਇਆ ਹੈ। ਜਦਕਿ ਦੂਜਾ ਭਰਾ ਬਚਪਨ ਤੋਂ ਹੀ ਪਿੰਡ ਮੰਡਿਆਣੀ ਵਿਖੇ ਆਪਣੀ ਮਾਸੀ ਦੇ ਘਰ ਰਹਿ ਰਿਹਾ ਹੈ। ਉਸ ਦੇ ਦੋਵੇਂ ਭਰਾ ਅਕਸਰ ਉਸ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਜਿਸ ਕਾਰਨ ਉਸਦੇ ਭਰਾਵਾਂ ਨੂੰ ਉਸਦੇ ਘਰ ਦੀ ਪੂਰੀ ਜਾਣਕਾਰੀ ਸੀ।
ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਘਟਨਾ ਨੂੰ ਦਿੱਤਾ ਅੰਜਾਮ
ਪੀੜਤ ਔਰਤ ਨੇ ਦੱਸਿਆ ਕਿ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਬੁਟੀਕ ਚਲੀ ਗਈ। ਜਿਸ ਤੋਂ ਬਾਅਦ ਉਸ ਦੇ ਭਰਾਵਾਂ ਨੇ ਘਰ ਦੇ ਜਿੰਦੇ ਖੋਲ੍ਹ ਕੇ 11 ਗ੍ਰਾਮ ਦਾ ਹਾਰ, 1 ਤੋਲੇ ਦੇ ਕਾਂਟੇ ,ਚੇਨ ਤੇ ਲਾਕੇਟ 8 ਗ੍ਰਾਮ , 2 ਮੁੰਦਰੀਆਂ 10 ਗ੍ਰਾਮ ਅਤੇ ਦੋ ਕੰਨਾਂ ਦੀਆਂ 10 ਗ੍ਰਾਮ ਦੀਆਂ ਵਾਲੀਆਂ ਚੋਰੀ ਕਰ ਲਈਆਂ। ਜਦੋਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਭਰਾਵਾਂ ਨਾਲ ਇਸ ਬਾਰੇ ਗੱਲ ਕੀਤੀ।
ਪੁਲਿਸ ਨੇ ਇੱਕ ਨੂੰ ਕੀਤਾ ਗ੍ਰਿਫ਼ਤਾਰ
ਮਨਦੀਪ ਨੇ ਦੱਸਿਆ ਕਿ ਉਸ ਨੇ ਦੂਜੇ ਭਰਾ ਨਾਲ ਮਿਲ ਕੇ ਚੋਰੀ ਕੀਤੀ ਅਤੇ ਬਾਅਦ ਵਿਚ ਸਿੱਧਵਾਂ ਬੇਟ ਦੇ ਗਰਗ ਜਵੈਲਰਜ਼ ਨੂੰ ਵੇਚ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਦੋਵੇਂ ਭਰਾਵਾਂ ਅਤੇ ਜਿਊਲਰ ਮਾਲਕ ਸਮੇਤ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਦੋ ਦੋਸ਼ੀ ਫਰਾਰ ਹਨ।