'ਸੈਕੰਡ ਹੈਂਡ ਜਵਾਨੀ', 'ਟਿੱਪਸੀ ਹੋਗੀ', 'ਜਾਨ ਤੋ ਪਿਆਰੀ' ਵਰਗੇ ਹਿੱਟ ਗੀਤਾਂ ਲਈ ਮਸ਼ਹੂਰ ਪੰਜਾਬੀ ਤੇ ਹਿੰਦੀ ਗਾਇਕਾ ਮਿਸ ਪੂਜਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ । ਦਸੱਦੀਏ ਕਿ 2006 ਤੋਂ ਮਿਸ ਪੂਜਾ ਨੇ ਸੰਗੀਤ ਉਦਯੋਗ ਦਾ ਹਿੱਸਾ ਹਨ , ਅਤੇ ਇਹਨਾਂ ਨੇ ਭੰਗੜਾ, ਧਾਰਮਿਕ, ਹਿੱਪ-ਹੌਪ ਅਤੇ ਡਾਂਸ ਵਰਗੀਆਂ ਵੱਖ-ਵੱਖ ਸ਼ੈਲੀਆਂ ਵਿੱਚ ਗੀਤ ਗਾਏ ਹਨ।
ਅੱਜ, ਇਹਨਾਂ ਦੇ ਜਨਮਦਿਨ 'ਤੇ, ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਗਾਇਕਾ ਬਾਰੇ ਕੁਝ ਅਣਜਾਣ ਤੱਥਾਂ ਨੂੰ:
ਸਭ ਤੋਂ ਪਹਿਲਾਂ ਦਸੱਦੀਏ ਕਿ ਮਿਸ ਪੂਜਾ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਠ ਹੈ ਤੇ ਇਹਨਾਂ ਦਾ ਜਨਮ 4 ਦਸੰਬਰ 1980 ਨੂੰ ਪੰਜਾਬ ਦੇ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਸੀ।
ਸਾਲ 2010 'ਚ ਮਿਸ ਪੂਜਾ ਨੇ ਰੋਮੀ ਟਾਹਲੀ ਨਾਲ ਵਿਆਹ ਕਰਵਾਇਆ।
ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੰਗੀਤ 'ਚ ਐਮ.ਏ ਅਤੇ ਬੀ.ਐੱਡ ਦੋਵੇਂ ਹੀ ਪੂਰੀਆਂ ਕੀਤੀਆਂ। ਇਸ ਤੋਂ ਬਾਅਦ ਮਿਸ ਪੂਜਾ ਨੇ ਪਟੇਲ ਪਬਲਿਕ ਸਕੂਲ ਰਾਜਪੁਰਾ ਵਿਖੇ 2 ਸਾਲ ਕੰਮ ਕੀਤਾ, ਜਿੱਥੇ ਇਹਨਾਂ ਦੀ ਤਨਖਾਹ ਸਿਰਫ 4500 ਰੁਪਏ ਪ੍ਰਤੀ ਮਹੀਨਾ ਸੀ।
ਮਿਸ ਪੂਜਾ ਨੇ ਪੰਜਾਬੀ ਇੰਡਸਟਰੀ 'ਚ ਉਸ ਸਮੇਂ ਆਪਣਾ ਨਾਮ ਬਣਾਇਆ ਜਦੋਂ ਮਹਿਲਾ ਗਾਇਕਾਂ ਇੰਨੀਆਂ ਮਸ਼ਹੂਰ ਨਹੀਂ ਸਨ।
ਗਾਇਕੀ ਦੇ ਕਰੀਅਰ ਤੋਂ ਇਲਾਵਾ ਮਿਸ ਪੂਜਾ ਨੇ ਫਿਲਮਾਂ 'ਚ ਵੀ ਕੰਮ ਕੀਤਾ। ਇਹਨਾਂ ਦੀ ਪਹਿਲੀ ਫਿਲਮ "ਪੰਜਾਬਨ: ਲਵ ਰੂਲਜ਼ ਹਾਰਟਸ" ਸਾਲ 2010 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਜੁੜਵਾਂ ਭੈਣਾਂ ਦੀ ਕਹਾਣੀ ਨੂੰ ਵੱਖਰੇ ਦ੍ਰਿਸ਼ਟੀਕੋਣ ਵਿੱਚ ਦਿਖਾਇਆ ਗਿਆ ਸੀ। ਇਸ ਫਿਲਮ ਤੋਂ ਬਾਅਦ, ਇਹਨਾਂ ਦੀ ਅਗਲੀ ਫਿਲਮ “ਚੰਨਾ ਸੱਚੀ ਮੁਚੀ” ਸਾਲ 2010 ਵਿੱਚ ਰਿਲੀਜ਼ ਹੋਈ।
ਮਿਸ ਪੂਜਾ ਨੇ ਸਾਲ 2006 ਵਿੱਚ ਇੱਕ ਡੁਏਟ ਗੀਤ 'ਜਾਨ ਤੋ ਪਿਆਰੀ' ਤੇ 2009 ਵਿੱਚ ਰਿਲੀਜ਼ ਹੋਈ ਉਹਨਾਂ ਦੀ ਪਹਿਲੀ ਸੋਲੋ ਐਲਬਮ 'ਰੋਮਾਂਟਿਕ ਜੱਟ' ਨਾਲ ਸੰਗੀਤ ਜਗਤ 'ਚ ਕਦਮ ਰੱਖਿਆ ।
ਗਾਇਕਾ ਨੇ 2012 ਦੀ ਫਿਲਮ 'ਕਾਕਟੇਲ' ਦੇ ਗੀਤ 'ਸੈਕੰਡ ਹੈਂਡ ਜਵਾਨੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।
ਰਿਪੋਰਟਾਂ ਮੁਤਾਬਿਕ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਮਿਸ ਪੂਜਾ ਨੇ ਖੁਲਾਸਾ ਕੀਤਾ ਕਿ ਇਹਨਾਂ ਨੇ ਇੰਡਸਟਰੀ ਵਿੱਚ 3500 ਤੋਂ ਵੱਧ ਗੀਤ ਗਾਏ ਹਨ।
ਮਿਸ ਪੂਜਾ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਪਿਤਾ ਨੇ ਇਹਨਾਂ ਦੇ ਕਰੀਅਰ ਲਈ ਹਮੇਸ਼ਾ ਸਹਿਯੋਗ ਦਿੱਤਾ ਹੈ।
ਗਾਇਕਾ ਨੇ 2018 ਵਿੱਚ 'ਪੱਕਾ ਕੈਨੇਡਾ ਵਾਲੇ' ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡ ਸਰਵੋਤਮ ਡੁਏਟ ਸੰਗੀਤ ਜਿੱਤਿਆ।