ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਪਾਰ ਸਮਝੌਤੇ ਅਤੇ ਟੈਰਿਫ ਤਣਾਅ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਚੱਲ ਰਹੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਉਣ ਵਾਲੇ ਹਫ਼ਤਿਆਂ ’ਚ ਹਰ ਤਰ੍ਹਾਂ ਦੀਆਂ ਵਪਾਰਕ ਰੁਕਾਵਟਾਂ ਨੂੰ ਖਤਮ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨਗੇ।ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜੋ ਵੀ ਗੱਲਬਾਤ ਵਾਸ਼ਿੰਗਟਨ ਅਤੇ ਦਿੱਲੀ ਵਿਚਕਾਰ ਚੱਲ ਰਹੀ ਹੈ ਉਹ ਜਲਦੀ ਹੀ ਇੱਕ ਵਧੀਆ ਨਤੀਜੇ ’ਤੇ ਪਹੁੰਚ ਜਾਵੇਗੀ।
ਡੋਨਾਲਡ ਟਰੰਪ ਨੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ ਗੱਲਬਾਤ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਰੂਥ ਸੋਸ਼ਲ ’ਤੇ ਇੱਕ ਪੋਸਟ ’ਚ ਲਿਖਿਆ ਕਿ ਮੈਨੂੰ ਇਹ ਗੱਲ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਦੀ ਗੱਲਬਾਤ ਚੱਲ ਰਹੀ ਹੈ। ਮੈਂ ਆਉਣ ਵਾਲੇ ਹਫ਼ਤਿਆਂ ਵਿੱਚ ਆਪਣੇ ਚੰਗੇ ਦੋਸਤ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਲਈ ਉਤਸੁਕ ਹਾਂ। ਮੈਨੂੰ ਵਿਸ਼ਵਾਸ ਹੈ ਕਿ ਦੋਵੇਂ ਮਹਾਨ ਦੇਸ਼ਾਂ ਲਈ ਇੱਕ ਸਫਲ ਨਤੀਜੇ ’ਤੇ ਪਹੁੰਚਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ।’
ਟਰੰਪ ਦੇ ਬਿਆਨ ‘ਤੇ ਨਰਿੰਦਰ ਮੋਦੀ ਹੋਏ ਸਹਿਮਤ
ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੀ ਇਸ ਪੋਸਟ ਦੇ 5 ਘੰਟੇ ਬਾਅਦ ਇੱਕ ਪੋਸਟ ਵਿੱਚ ਲਿਖਿਆ ਕਿ ਭਾਰਤ ਅਤੇ ਅਮਰੀਕਾ ਚੰਗੇ ਦੋਸਤ ਅਤੇ ਕੁਦਰਤੀ ਭਾਈਵਾਲ ਹਨ। ਮੈਨੂੰ ਵਿਸ਼ਵਾਸ ਹੈ ਕਿ ਸਾਡੀ ਵਪਾਰਕ ਗੱਲਬਾਤ ਭਾਰਤ-ਅਮਰੀਕਾ ਸਾਂਝੇਦਾਰੀ ਦੀਆਂ ਅਸੀਮਿਤ ਸੰਭਾਵਨਾਵਾਂ ਨੂੰ ਖੋਲ੍ਹ ਦੇਣਗੀਆਂ।
ਸਾਡੀਆਂ ਟੀਮਾਂ ਇਨ੍ਹਾਂ ਚਰਚਾਵਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਮੈਂ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ। ਅਸੀਂ ਇਕੱਠੇ ਮਿਲ ਕੇ ਦੋਵੇਂ ਦੇਸ਼ਾਂ ਦੇ ਲੋਕਾਂ ਲਈ ਬਿਹਤਰ ਅਤੇ ਵਧੇਰੇ ਖੁਸ਼ਹਾਲ ਭਵਿੱਖ ਯਕੀਨੀ ਬਣਾਵਾਂਗੇ।