ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਰਕਾਰ ਨੇ ਨਿਰਦੋਸ਼ ਤੇ ਮਾਸੂਮ ਬੱਚਿਆਂ ਦੀ ਸ਼ੋਸ਼ਣ ਤੋਂ ਸੁਰੱਖਿਆ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਮਹਿਲਾ ਅਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ (ਡੀ.ਸੀ.) ਨੂੰ ਸੜਕਾਂ 'ਤੇ ਭੀਖ ਮੰਗਦੇ ਬੱਚਿਆਂ ਖਾਸ ਕਰਕੇ ਬਾਲਗਾਂ ਨਾਲ ਮਿਲਣ ਵਾਲੇ ਬੱਚਿਆਂ ਦਾ ਡੀ.ਐਨ.ਏ. ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਪ੍ਰੋਜੈਕਟ ਜੀਵਨਜੋਤ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ।
ਭੀਖ ਮੰਗਵਾਉਣ ਵਾਲੇ ਗਿਰੋਹਾਂ 'ਤੇ ਸ਼ਿਕੰਜਾ ਕੱਸੇਗੀ ਸਰਕਾਰ
ਉਨ੍ਹਾਂ ਨੇ ਕਿਹਾ ਕਿ ਡੀਐਨਏ ਟੈਸਟ ਕਰਵਾ ਕੇ ਸਰਕਾਰ ਛੋਟੇ ਬੱਚਿਆਂ ਨੂੰ ਭੀਖ ਮੰਗਵਾਉਣ ਵਾਲੇ ਗਿਰੋਹਾਂ 'ਤੇ ਵੀ ਸ਼ਿਕੰਜਾ ਕੱਸੇਗੀ। ਹੁਣ ਸੂਬੇ ਭਰ ਵਿੱਚ ਜਨਤਕ ਥਾਵਾਂ, ਲਾਲ ਬੱਤੀ ਵਾਲੀਆਂ ਥਾਵਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਮਲਟੀਪਲੈਕਸ, ਬਾਜ਼ਾਰਾਂ ਅਤੇ ਹੋਰ ਥਾਵਾਂ 'ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨਾ ਸਿਰਫ਼ ਉਨ੍ਹਾਂ ਨੂੰ ਜੀਵਨ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ, ਸਗੋਂ ਉਨ੍ਹਾਂ ਦੀ ਸਿੱਖਿਆ, ਸਿਹਤ ਅਤੇ ਉੱਜਵਲ ਭਵਿੱਖ ਲਈ ਵੀ ਇਹ ਕਦਮ ਚੁੱਕ ਰਹੀ ਹੈ। ਗੁਆਂਢੀ ਰਾਜਾਂ ਦੇ ਕੁਝ ਲੋਕ ਪੰਜਾਬ ਵਿੱਚ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣ ਦੇ ਗਿਰੋਹ ਚਲਾ ਰਹੇ ਹਨ। ਹਾਲ ਹੀ ਵਿੱਚ ਕੁਝ ਬੱਚਿਆਂ ਨੂੰ ਭੀਖ ਮੰਗਦੇ ਹੋਏ ਬਚਾਇਆ ਗਿਆ ਸੀ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਹੈ। ਜਿਸ ਕਾਰਨ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।