ਜਲੰਧਰ 'ਚ ਕੁਝ ਸਮਾਂ ਪਹਿਲਾਂ ਪੁਲਸ ਨੇ ਇੱਕ ਗੱਡੀ ਵਿੱਚੋਂ 2.93 ਕਰੋੜ ਰੁਪਏ ਬਰਾਮਦ ਕੀਤੇ ਸਨ। ਜਿਸ ਵਿੱਚ ਪੁਲਿਸ ਨੇ ਪੁਨੀਤ ਸੂਦ ਨਾਂ ਦੇ ਵਿਅਕਤੀ ਨੂੰ ਫੜਿਆ ਸੀ। ਹੁਣ ਇਸ ਮਾਮਲੇ 'ਚ ਪੁਨੀਤ ਦੇ ਪਰਿਵਾਰ ਨੇ ਅੱਗੇ ਆ ਕੇ ਜਲੰਧਰ ਪੁਲਸ ਅਧਿਕਾਰੀਆਂ 'ਤੇ 1 ਕਰੋੜ ਰੁਪਏ ਲੈਣ ਦਾ ਦੋਸ਼ ਲਗਾਇਆ ਹੈ।
ਕਾਰ 'ਚ ਸਨ 3.93 ਕਰੋੜ ਰੁਪਏ
ਪਰਿਵਾਰ ਨੇ ਦੱਸਿਆ ਕਿ ਪੁਨੀਤ ਨੂੰ ਬੱਸ ਸਟੈਂਡ ਤੋਂ ਨਹੀਂ ਬਲਕਿ ਹੁਸ਼ਿਆਰਪੁਰ ਤੋਂ ਫੜਿਆ ਗਿਆ ਸੀ। ਉਸ ਦੀ ਕਾਰ 'ਚ 3.93 ਕਰੋੜ ਰੁਪਏ ਦੀ ਨਕਦੀ ਸੀ, ਜਿਸ ਵਿੱਚ ਅਮਰੀਕੀ ਡਾਲਰ ਵੀ ਸਨ ਪਰ ਪੁਲਿਸ ਨੇ 2.93 ਕਰੋੜ ਰੁਪਏ ਦੱਸੇ ਅਤੇ ਪੁਲਿਸ ਅਧਿਕਾਰੀਆਂ ਨੇ ਖੁਦ ਇੱਕ ਕਰੋੜ ਰੁਪਏ ਰੱਖ ਲਏ।
ਐਸਪੀ ਨੇ ਮੰਗੇ ਕਰੋੜ ਰੁਪਏ, ਕਿਹਾ- ਉਪਰ ਤੋਂ ਆਰਡਰ ਹਨ
ਪਰਿਵਾਰ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਵਿੱਚ ਹੀ ਰੋਕ ਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਫਗਵਾੜਾ ਦੇ ਕਿਸੇ ਪਿੰਡ ਲੈ ਗਏ ਸਨ । ਜਿੱਥੇ ਐਸ.ਐਚ.ਓ ਕੰਵਲਜੀਤ ਸਿੰਘ ਮੌਜੂਦ ਸਨ। ਇਸ ਤੋਂ ਬਾਅਦ ਐਸਪੀ ਸਹੋਤਾ ਫਿਰ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ 'ਚੋ ਇੱਕ ਕਰੋੜ ਰੁਪਏ ਲੈਣੇ ਹਨ। ਸਾਨੂੰ ਸਰ ਦੇ ਆਦੇਸ਼ ਹਨ।
ਪੈਸੇ ਨਾ ਦੇਣ 'ਤੇ ਝੂਠੇ ਕੇਸ 'ਚ ਫਸਾਉਣ ਦੀ ਦਿੱਤੀ ਧਮਕੀ
ਪਰਿਵਾਰ ਨੇ ਦੋਸ਼ ਲਾਇਆ ਕਿ ਜਦੋਂ ਐਸਪੀ ਸਹੋਤਾ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਇਹ ਹੁਕਮ ਕਿਸ ਨੇ ਦਿੱਤੇ ਹਨ ਤਾਂ ਉਨ੍ਹਾਂ ਕਿਹਾ ਕਿ ਸੀ.ਪੀ. ਨੇ ਆਦੇਸ਼ ਦਿੱਤੇ ਹਨ | ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਐੱਸਪੀ ਅਤੇ ਐੱਸਐੱਚਓ ਨੇ ਕਿਹਾ ਕਿ ਜੇਕਰ ਉਸ ਨੇ ਕੁਝ ਮਿੰਟਾਂ 'ਚ ਪੈਸੇ ਨਾ ਦਿੱਤੇ ਤਾਂ ਪੁਨੀਤ ਖ਼ਿਲਾਫ਼ ਅੱਤਵਾਦ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੀਤਾ ਜਾਵੇਗਾ। ਜਿਸ ਕਾਰਨ ਉਹ ਕਦੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ। ਪੁਨੀਤ ਨੇ ਡਰ ਕੇ 1 ਕਰੋੜ ਰੁਪਏ ਉਨ੍ਹਾਂ ਨੂੰ ਦੇ ਦਿੱਤੇ।
ਪੁਲਿਸ ਨੇ ਪੁਨੀਤ ਦੀ ਕੋਈ ਗੱਲ ਨਹੀਂ ਸੁਣੀ
ਪਰਿਵਾਰ ਨੇ ਕਿਹਾ ਕਿ ਪੁਨੀਤ ਕੋਲ ਸਾਰੇ ਸਬੂਤ ਹਨ ਅਤੇ ਉਹ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਾਰੇ ਸਬੂਤ ਪੇਸ਼ ਕਰੇਗਾ। ਪੁਨੀਤ ਨੇ ਪੁਲਸ ਨੂੰ ਇਹ ਵੀ ਕਿਹਾ ਸੀ ਕਿ ਉਸ ਦਾ ਪੈਸਾ ਇਕ ਨੰਬਰ ਦਾ ਹੈ ਅਤੇ ਉਹ ਇਸ ਦਾ ਸਬੂਤ ਵੀ ਦਿਖਾਵੇਗਾ ਪਰ ਇਸ ਦੇ ਬਾਵਜੂਦ ਪੁਲਸ ਮੁਲਾਜ਼ਮ ਨਹੀਂ ਮੰਨੇ।
ਜਾਅਲੀ ਨਾਕਾ ਲਗਾ ਕੇ ਕੀਤਾ ਗ੍ਰਿਫਤਾਰ
ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਮੁਲਾਜ਼ਮ ਪੁਨੀਤ ਨੂੰ ਜਲੰਧਰ ਲੈ ਕੇ ਆਏ ਅਤੇ ਨਕਲੀ ਨਾਕਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਪੁਨੀਤ ਨੂੰ ਪੁਲਸ ਨੇ ਹੁਸ਼ਿਆਰਪੁਰ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ। ਜੇਕਰ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਟਾਵਰ ਲੋਕੇਸ਼ਨ ਤੋਂ ਪੁਨੀਤ ਦੀ ਗ੍ਰਿਫਤਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ।
ਰਿਮਾਂਡ ਤੋਂ ਬਾਅਦ ਝੂਠੇ ਐਨਕਾਉਂਟਰ ਦੀ ਦਿੱਤੀ ਧਮਕੀ
ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਫਰਜ਼ੀ ਵੀਡੀਓ ਬਣਾ ਕੇ ਅਦਾਲਤ 'ਚ ਦਿਖਾਈ। ਪਰਿਵਾਰ ਦਾ ਦੋਸ਼ ਹੈ ਕਿ ਅਦਾਲਤ 'ਚ ਰਿਮਾਂਡ ਦੇ ਬਾਅਦ ਐੱਸਪੀ ਸਹੋਤਾ ਨੇ ਪੁਨੀਤ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ 1 ਕਰੋੜ ਰੁਪਏ ਦਾ ਜ਼ਿਕਰ ਕੀਤਾ ਤਾਂ ਉਸ ਨੂੰ ਝੂਠੇ ਐਨਕਾਉਂਟਰ ਰਾਹੀਂ ਖਤਮ ਕਰ ਦਿੱਤਾ ਜਾਵੇਗਾ। ਇਹ ਵੀ ਦੋਸ਼ ਹੈ ਕਿ ਪੁਲਿਸ ਨੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਧਮਕੀ ਵੀ ਦਿੱਤੀ।
ਪੁਨੀਤ 'ਤੇ ਲੱਗੀਆਂ ਗਲਤ ਧਾਰਾਵਾਂ ਹਟਾਈਆਂ ਜਾਣ
ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪੁਨੀਤ 'ਤੇ ਲਗਾਈਆਂ ਗਈਆਂ ਗਲਤ ਧਾਰਾਵਾਂ ਨੂੰ ਹਟਾਇਆ ਜਾਵੇ। ਜੇਕਰ ਪੁਨੀਤ 'ਤੇ ਮਨੀ ਲਾਂਡਰਿੰਗ ਦਾ ਕੇਸ ਬਣਦਾ ਹੈ ਤਾਂ ਉਹ ਲਗਾਇਆ ਜਾਣਾ ਚਾਹੀਦਾ ਹੈ। ਪਰ ਇਸ ਤੋਂ ਇਲਾਵਾ ਲਗਾਏ ਜਾ ਰਹੇ ਐਕਟਾਂ ਨੂੰ ਹਟਾਇਆ ਜਾਵੇ। ਪੁਲਸ ਨੇ ਅਦਾਲਤ ਤੋਂ ਪੁਨੀਤ ਦਾ ਦੋ ਵਾਰ ਰਿਮਾਂਡ ਹਾਸਲ ਕੀਤਾ ਸੀ ਪਰ ਪੁਲਸ ਨੂੰ ਪੁਨੀਤ ਕੋਲੋਂ ਹੋਰ ਕੋਈ ਬਰਾਮਦਗੀ ਨਹੀਂ ਹੋਈ। ਪੁਨੀਤ ਇਸ ਸਮੇਂ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ।ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮਾਮਲੇ 'ਚ ਪ੍ਰਸ਼ਾਸਨ ਉਨ੍ਹਾਂ ਨੂੰ ਇਨਸਾਫ਼ ਦਿਵਾਏਗਾ।