ਖਬਰਿਸਤਾਨ ਨੈੱਟਵਰਕ ਬਾਲਿਆਂਵਾਲੀ- ਪਿੰਡ ਕੋਟੜਾ ਕੌੜਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਥਾਣਾ ਬਾਲਿਆਂਵਾਲੀ ਦੇ ਜਾਂਚ ਅਫ਼ਸਰ ਕੇਵਲ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਪਤਨੀ ਭੋਲਾ ਸਿੰਘ ਵਾਸੀ ਕੋਟੜਾ ਕੌੜਾ ਨੇ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੋ ਕੁੜੀਆਂ ਤੇ ਇਕ ਮੁੰਡਾ ਹੈ।
ਇਕ ਕੁੜੀ ਵਿਆਹੀ ਹੋਈ ਹੈ ਅਤੇ ਮੁੰਡਾ ਕਿਸੇ ਹਸਪਤਾਲ ਵਿਚ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਦੂਜੀ ਕੁੜੀ ਕਰਮਜੀਤ ਕੌਰ (30 ਸਾਲ) ਦਾ ਹਾਲੇ ਵਿਆਹ ਨਹੀਂ ਹੋਇਆ ਸੀ ਅਤੇ ਉਹ ਕਾਫ਼ੀ ਦੇਰ ਤੋਂ ਬਾਹਰਲੇ ਮੁਲਕ ਜਾਣ ਲਈ ਸਟੱਡੀ ਵੀਜ਼ਾ ਲਗਵਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਕਈ ਵਾਰ ਵੀਜ਼ਾ ਐਪਲੀਕੇਸ਼ਨ ਰਿਜੈਕਟ ਹੋਣ ਕਾਰਨ ਉਹ ਮਾਨਸਿਕ ਤੌਰ ਇਤੇ ਪ੍ਰੇਸ਼ਾਨੀ ਚੱਲ ਰਹੀ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਵੇਰੇ ਕੰਮ ’ਤੇ ਗਿਆ ਤਾਂ ਵਾਪਸ ਆਉਣ ਵੇਲੇ ਉਨ੍ਹਾਂ ਨੂੰ ਕਰਮਜੀਤ ਕੌਰ ਵਿਖਾਈ ਨਾ ਦਿੱਤੀ। ਉਪਰੰਤ ਜਦੋਂ ਉਨ੍ਹਾਂ ਨੇ ਛੱਤ ਉਤੇ ਜਾ ਕੇ ਵੇਖਿਆ ਤਾਂ ਉਸ ਦੀ ਲਾਸ਼ ਲੋਹੇ ਵਾਲੀ ਪਾਈਪ ’ਤੇ ਰੱਸੀ ਨਾਲ ਲਟਕ ਰਹੀ ਸੀ। ਥਾਣਾ ਮੁਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ ਅਤੇ ਇਸ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ।