ਪੰਜਾਬ ਵਿਧਾਨ ਸਭਾ ਦਾ ਅੱਜ ਛੇਵਾਂ ਦਿਨ ਸੀ, ਸਦਨ ਦੀ ਕਾਰਵਾਈ ਦੁਪਹਿਰ ਤੋਂ ਬਾਅਦ 2 ਵਜੇ ਸ਼ੁਰੂ ਹੋਈ। ਕਾਰਵਾਈ ਦੌਰਾਨ ਸਦਨ ਵਿਚ ਖੂਬ ਹੰਗਾਮਾ ਹੋਇਆ।
ਕਾਂਗਰਸ ਦਾ ਵਾਕਆਊਟ
ਸਦਨ ਵਿਚ ਹੰਗਾਮੇ ਤੋਂ ਬਾਅਦ ਕਾਂਗਰਸ ਨੇ ਵਾਕਆਊਟ ਕਰ ਦਿੱਤਾ। ਕਾਂਗਰਸ ਦੇ ਵਿਧਾਇਕਾਂ ਨੇ ਇਸ ਦੌਰਾਨ ਖੂਬ ਨਾਅਰੇਬਾਜ਼ੀ ਕੀਤੀ।
ਧਾਰਮਕ ਅਸਥਾਨਾਂ ਜਾਂ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਚੁੱਕਿਆ
ਸੈਸ਼ਨ ਦੀ ਕਾਰਵਾਈ ਦੌਰਾਨ ਪਟਿਆਲਾ ਵਿੱਚ ਧਾਰਮਕ ਅਸਥਾਨਾਂ ਜਾਂ ਸਰਕਾਰੀ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਚੁੱਕਿਆ ਗਿਆ। ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੇ ਦਿਨੀਂ ਭੂ-ਮਾਫੀਆ ਨੇ ਧਾਰਮਿਕ ਅਸਥਾਨਾਂ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਸੀ।ਉਨ੍ਹਾਂ ਕਿਹਾ ਕਿ ਮੰਦਰਾਂ ਅਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਨੂੰ ਸ਼ੋਅਰੂਮਾਂ ਅਤੇ ਦੁਕਾਨਾਂ ਵਿੱਚ ਬਦਲ ਕੇ ਵੇਚ ਦਿੱਤਾ ਜਾਂਦਾ ਹੈ। ਇਸ 'ਤੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਕੋਈ ਵੀ ਸਰਕਾਰੀ ਜਾਇਦਾਦ 'ਤੇ ਨਾਜਾਇਜ਼ ਕਬਜ਼ਾ ਨਹੀਂ ਕਰ ਸਕਦਾ।
ਪਟਿਆਲਾ ਨਾਲ ਸਬੰਧਤ 6 ਜਾਇਦਾਦਾਂ ਦੀ ਸੂਚੀ ਉਨ੍ਹਾਂ ਕੋਲ ਆਈ ਹੈ। ਮਾਲ ਵਿਭਾਗ ਇਨ੍ਹਾਂ ਨੂੰ ਆਪਣੇ ਅਧੀਨ ਲੈ ਲਵੇਗਾ। ਉਹ ਇਸ ਸਬੰਧੀ ਪਟਿਆਲਾ ਦੇ ਡੀਸੀ ਨੂੰ ਆਦੇਸ਼ ਦੇਣਗੇ। ਇਸ ਦੇ ਨਾਲ ਹੀ ਵਿਧਾਇਕ ਨੇ ਕੁਝ ਜਾਇਦਾਦਾਂ ਵੀ ਦਿਖਾਈਆਂ, ਜਿੱਥੇ ਧਾਰਮਿਕ ਸਥਾਨਾਂ ਦੀ ਥਾਂ 'ਤੇ ਸ਼ੋਅਰੂਮ ਬਣਾਏ ਗਏ ਹਨ।