ਖਬਰਿਸਤਾਨ ਨੈੱਟਵਰਕ- ਮੀਂਹ ਦੇ ਪਾਣੀ ਨਾਲ ਭਰੇ ਖੱਡੇ ਵਿਚ ਡੁੱਬਣ ਕਾਰਣ 2 ਬੱਚਿਆਂ ਦੀ ਮੌਤ ਹੋ ਗਈ. ਮਾਮਲਾ ਬਲੌਂਗੀ ਦੇ ਆਦਰਸ਼ ਨਗਰ ਕਲੋਨੀ ਨੇੜੇ ਦਾ ਹੈ, ਜਿਥੇ ਇੱਕ ਖਾਲੀ ਪਲਾਟ ਵਿੱਚ ਮੀਂਹ ਦੇ ਪਾਣੀ ਨਾਲ ਭਰੇ ਟੋਏ ਵਿੱਚ ਡੁੱਬਣ ਨਾਲ ਬੱਚਿਆਂ ਦੀ ਮੌਤ ਹੋ ਗਈ।
ਖੇਡਦੇ ਸਮੇਂ ਵਾਪਰੀ ਘਟਨਾ
ਜਾਣਕਾਰੀ ਅਨੁਸਾਰ 11 ਸਾਲਾ ਆਰੀਅਨ ਅਤੇ 10 ਸਾਲਾ ਲੜਕੀ ਰਾਧੇ ਹੋਰ ਬੱਚਿਆਂ ਨੂੰ ਖੇਡਦੇ ਦੇਖ ਕੇ ਟੋਏ ਵਿੱਚ ਭਰੇ ਪਾਣੀ ਵਿੱਚ ਨਹਾਉਣ ਲੱਗ ਪਏ। ਉਹ ਮੀਂਹ ਦੇ ਇਕੱਠੇ ਹੋਏ ਪਾਣੀ ਵਿਚ ਖੇਡ ਰਹੇ ਸਨ ਕਿ ਨਹਾਉਂਦੇ ਸਮੇਂ ਦੋਵੇਂ ਬੱਚੇ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਡੁੱਬ ਗਏ। ਜਦੋਂ ਉਨ੍ਹਾਂ ਨਾਲ ਨਹਾਉਂਦੇ ਹੋਰ ਬੱਚਿਆਂ ਨੇ ਰੌਲਾ ਪਾਇਆ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ।
ਦੋਵੇਂ ਬੱਚਿਆਂ ਨੂੰ ਲੋਕਾਂ ਨੇ ਤੁਰੰਤ ਬਾਹਰ ਕੱਢਿਆ ਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਬਲੌਂਗੀ ਪੁਲਸ ਦੇ ਐਸਐਚਓ ਕੁਲਵੰਤ ਸਿੰਘ ਅਨੁਸਾਰ ਉਨ੍ਹਾਂ ਨੂੰ ਸ਼ਾਮ 5:30 ਵਜੇ ਹਸਪਤਾਲ ਤੋਂ ਬੱਚਿਆਂ ਦੇ ਡੁੱਬਣ ਦੀ ਸੂਚਨਾ ਮਿਲੀ। ਜਾਂਚ ਤੋਂ ਬਾਅਦ ਦੋਵਾਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ, ਜਿਨ੍ਹਾਂ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।
ਬੱਚਿਆਂ ਦੇ ਮਾਪਿਆਂ ਦਾ ਬਿਆਨ
ਆਰੀਅਨ ਮੂਲ ਰੂਪ ਵਿੱਚ ਯੂਪੀ ਦਾ ਰਹਿਣ ਵਾਲਾ ਸੀ। ਉਸਦੇ ਪਿਤਾ ਅਜੈ ਕੁਮਾਰ ਨੇ ਦੱਸਿਆ ਕਿ ਆਰੀਅਨ ਸ਼ਾਮ ਨੂੰ ਖੇਡਣ ਲਈ ਘਰੋਂ ਨਿਕਲਿਆ ਸੀ। ਅਨੁਰਾਗ ਨੇ ਦੱਸਿਆ ਕਿ ਉਸਦੀ ਧੀ ਰਾਧੇ ਘਰ ਦੇ ਬਾਹਰ ਖੜ੍ਹੀ ਸੀ। ਆਦਰਸ਼ ਨਗਰ ਕਲੋਨੀ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਇੱਕ ਟੋਏ ਵਿੱਚ ਭਰੇ ਮੀਂਹ ਦੇ ਪਾਣੀ ਵਿੱਚ ਕੁਝ ਬੱਚੇ ਖੇਡ ਰਹੇ ਸਨ।
ਉਨ੍ਹਾਂ ਨੂੰ ਦੇਖ ਕੇ ਆਰੀਅਨ ਅਤੇ ਰਾਧੇ ਵੀ ਉੱਥੇ ਨਹਾਉਣ ਲਈ ਗਏ। ਨਹਾਉਂਦੇ ਸਮੇਂ ਉਹ ਡੂੰਘੇ ਪਾਣੀ ਵੱਲ ਚਲੇ ਗਏ। ਬਾਅਦ ਵਿੱਚ ਉਹ ਦਲਦਲ ਵਿੱਚ ਫਸ ਗਏ ਅਤੇ ਡੁੱਬ ਗਏ। ਆਰੀਅਨ ਦੀ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਰਾਧੇ ਦੀ ਵੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ।
ਬਰਸਾਤਾਂ ਦੌਰਾਨ ਮਾਪੇ ਬੱਚਿਆਂ ਦਾ ਰੱਖਣ ਖਾਸ ਧਿਆਨ
ਪੰਜਾਬ ਵਿਚ ਮਾਨਸੂਨ ਦਸਤਕ ਦੇ ਚੁੱਕਾ ਹੈ ਤੇ ਜਲੰਧਰ ਸਮੇਤ ਹੋਰ ਜ਼ਿਲ੍ਹਿਆਂ ਵਿਚ ਰੋਜ਼ਾਨਾ ਮੀਂਹ ਪੈ ਰਿਹਾ ਹੈ। ਇਸ ਬਰਸਾਤੀ ਮੌਸਮ ਦੌਰਾਨ ਮਾਪਿਆਂ ਨੂੰ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਬਰਸਾਤੀ ਮੌਸਮ ਦੌਰਾਨ ਅਜਿਹੇ ਹਾਦਸਿਆਂ ਦੀਆਂ ਖਬਰਾਂ ਆਉਂਦੀਆਂ ਹਨ। ਮੀਂਹ ਦੌਰਾਨ ਬੱਚਿਆਂ ਨੂੰ ਇਕੱਲੇ ਬਾਹਰ ਨਾ ਜਾਣ ਦਿਓ, ਛੋਟੇ ਬੱਚੇ ਦੇ ਨੇੜੇ ਕਦੇ ਵੀ ਪਾਣੀ ਨਾਲ ਭਰੀ ਹੋਈ ਬਾਲਟੀ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਤੋਂ ਬੱਚਿਆਂ ਨੂੰ
ਹਮੇਸ਼ਾ ਦੂਰ ਰੱਖੋ। ਮੀਂਹ ਦੇ ਮੌਸਮ ਦੌਰਾਨ ਜਿਹੜੇ ਲੋਕ ਘੁੰਮਣ ਜਾਂਦੇ ਹਨ ਉਨ੍ਹਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਹਾੜਾਂ ਵਿਚ ਨਦੀ ਨਾਲਿਆਂ ਜਾਂ ਝਰਨਿਆਂ ਵਿਚ ਨਾ ਨਹਾਉਣ ਕਿਉਂਕਿ ਕਈ ਵਾਰ ਇਕਦਮ ਪਾਣੀ ਜ਼ਿਆਦਾ ਆਉਣ ਕਾਰਣ ਲੋਕ ਮੌਤ ਦੇ ਮੂੰਹ ਜਾ ਪੈਂਦੇ ਹਨ।
ਕੱਚੇ ਮਕਾਨਾਂ ਤੇ ਬਾਲਿਆਂ ਵਾਲੀਆਂ ਛੱਤਾਂ ਹੇਠ ਰਹਿਣ ਵਾਲੇ ਲੋਕ ਵੀ ਰਹਿਣ ਸਾਵਧਾਨ
ਮੀਂਹ ਦੇ ਮੌਸਮ ਵਿਚ ਅਕਸਰ ਕੱਚੇ ਮਕਾਨ ਦੀਆਂ ਛੱਤਾਂ ਚੋ ਪੈਂਦੀਆਂ ਹਨ ਜਾਂ ਢਹਿ ਜਾਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਇਸ ਗੱਲ ਵੱਲ ਵਿਸ਼ੇਸ਼ ਖਿਆਲ ਰੱਕਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦੀਆਂ ਛੱਤਾਂ ਦੀ ਹਾਲਤ ਖਸਤਾ ਹੈ ਤਾਂ ਉਹ ਉਨ੍ਹਾਂ ਹੇਠਾਂ ਨਾ ਸੌਣ ਜਾਂ ਉਨ੍ਹਾਂ ਨੂੰ ਪੱਕਾ ਕਰਵਾ ਲੈਣ। ਜ਼ਿਕਰਯੋਗ ਹੈ ਕਿ ਅੱਜ ਹੀ ਹੁਸ਼ਿਆਰਪੁਰ ਦੇ ਟਾਂਡਾ ਨੇੜੇ ਅਹਿਆਪੁਰ ਵਿਚ ਇਕ ਮਜ਼ਦੂਰ ਦੇ ਮਕਾਨ ਦੀ ਛੱਤ ਡਿੱਗਣ ਨਾਲ 3 ਮੌਤਾਂ ਹੋ ਗਈਆਂ।