ਖ਼ਬਰਿਸਤਾਨ ਨੈੱਟਵਰਕ: ਝਾਰਖੰਡ ਤੋਂ ਦਿੱਲੀ ਜਾ ਰਹੀ ਇੱਕ ਚਾਰਟਰਡ ਏਅਰ ਐਂਬੂਲੈਂਸ ਵਿਮਾਨ ਸੋਮਵਾਰ ਸ਼ਾਮ ਚਤਰਾ ਜ਼ਿਲ੍ਹੇ ਦੇ ਸਮਰੀਆ ਜੰਗਲ ਖੇਤਰ ਵਿੱਚ ਕਰੈਸ਼ ਹੋ ਗਿਆ। ਹਾਦਸੇ ਵਿੱਚ ਵਿਮਾਨ ਵਿੱਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਇਹ ਵਿਮਾਨ ਰੈਡਬਰਡ ਕੰਪਨੀ ਦਾ Beechcraft King Air B90L ਸੀ, ਜਿਸਨੂੰ ਏਅਰ ਐਂਬੂਲੈਂਸ ਵਜੋਂ ਵਰਤਿਆ ਜਾ ਰਿਹਾ ਸੀ।
ਖਰਾਬ ਮੌਸਮ ਵਿੱਚ ਡਾਈਵਰਜਨ ਤੋਂ ਬਾਅਦ ਟੁੱਟਿਆ ਸੰਪਰਕ
ਫਲਾਈਟ ਨੇ ਸ਼ਾਮ 7:11 ਵਜੇ ਰਾਂਚੀ ਤੋਂ ਉਡਾਣ ਭਰੀ ਸੀ। 7:30 ਵਜੇ ਖਰਾਬ ਮੌਸਮ ਕਾਰਨ ਵਿਮਾਨ ਨੇ ਰਾਹ ਬਦਲਣ (ਡਾਈਵਰਜਨ) ਦੀ ਇਜਾਜ਼ਤ ਮੰਗੀ, ਪਰ ਕਰੀਬ 7:34 ਵਜੇ ਕੋਲਕਾਤਾ ਏਅਰ ਟ੍ਰੈਫਿਕ ਕੰਟਰੋਲ ਨਾਲ ਇਸਦਾ ਸੰਪਰਕ ਅਤੇ ਰਡਾਰ ਕਨੈਕਸ਼ਨ ਟੁੱਟ ਗਿਆ। ਇਸ ਤੋਂ ਕੁਝ ਸਮੇਂ ਬਾਅਦ ਵਿਮਾਨ ਦੇ ਕਰੈਸ਼ ਹੋਣ ਦੀ ਸੂਚਨਾ ਮਿਲੀ। ਹਾਦਸੇ ਤੋਂ ਬਾਅਦ ਵਿਮਾਨ ਵਿੱਚ ਅੱਗ ਲੱਗ ਗਈ ਅਤੇ ਇਸਦੇ ਹਿੱਸੇ ਆਲੇ-ਦੁਆਲੇ ਵਿਖਰ ਗਏ।
ਵਿਮਾਨ ਵਿੱਚ ਕੈਪਟਨ ਵਿਵੇਕ ਵਿਕਾਸ ਭਗਤ (ਪਾਇਲਟ), ਕੈਪਟਨ ਸਬਰਾਜਦੀਪ ਸਿੰਘ (ਕੋ-ਪਾਇਲਟ), ਸੰਜੇ ਕੁਮਾਰ (ਮਰੀਜ਼), ਅਰਚਨਾ ਦੇਵੀ ਅਤੇ ਧੂਰੂ ਕੁਮਾਰ (ਪਰਿਵਾਰਕ ਮੈਂਬਰ), ਵਿਕਾਸ ਕੁਮਾਰ ਗੁਪਤਾ (ਡਾਕਟਰ) ਅਤੇ ਸਚਿਨ ਕੁਮਾਰ ਮਿਸ਼ਰਾ (ਪੈਰਾਮੈਡੀਕਲ ਸਟਾਫ) ਸਵਾਰ ਸਨ।
ਰਾਂਚੀ ਦੇ ਦੇਵਕਮਲ ਹਸਪਤਾਲ ਦੇ ਸੀਈਓ ਅਨੰਤ ਸਿੰਹਾ ਨੇ PTI ਨੂੰ ਦੱਸਿਆ ਕਿ ਏਅਰ ਐਂਬੂਲੈਂਸ ਦੀ ਵਿਵਸਥਾ ਮਰੀਜ਼ ਦੇ ਪਰਿਵਾਰ ਵੱਲੋਂ ਕੀਤੀ ਗਈ ਸੀ। ਲਾਤੇਹਾਰ ਜ਼ਿਲ੍ਹੇ ਦੇ ਚੰਦਵਾ ਨਿਵਾਸੀ ਸੰਜੇ ਕੁਮਾਰ (41) ਨੂੰ 16 ਫ਼ਰਵਰੀ ਨੂੰ 65% ਜਲਣ ਦੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬਿਹਤਰ ਇਲਾਜ ਲਈ ਉਨ੍ਹਾਂ ਨੂੰ ਦਿੱਲੀ ਲਿਜਾਣ ਦਾ ਫ਼ੈਸਲਾ ਕੀਤਾ ਗਿਆ ਅਤੇ ਸੋਮਵਾਰ ਸ਼ਾਮ ਕਰੀਬ 4:30 ਵਜੇ ਮਰੀਜ਼ ਨੂੰ ਹਸਪਤਾਲ ਤੋਂ ਏਅਰਪੋਰਟ ਲਈ ਰਵਾਨਾ ਕੀਤਾ ਗਿਆ।
ਇਸ ਦਰਮਿਆਨ, ਡੀਜੀਸੀਏ ਨੇ ਦੱਸਿਆ ਕਿ ਉਡਾਣ ਦੌਰਾਨ ਖਰਾਬ ਮੌਸਮ ਕਾਰਨ ਡਾਈਵਰਜਨ ਦੀ ਇਜਾਜ਼ਤ ਮੰਗੀ ਗਈ ਸੀ। ਇਜਾਜ਼ਤ ਮਿਲਣ ਤੋਂ ਕੁਝ ਹੀ ਦੇਰ ਬਾਅਦ ਵਿਮਾਨ ਦਾ ਏਟੀਸੀ ਨਾਲ ਸੰਪਰਕ ਟੁੱਟ ਗਿਆ ਅਤੇ ਫਿਰ ਹਾਦਸਾ ਹੋ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।