ਖ਼ਬਰਿਸਤਾਨ ਨੈੱਟਵਰਕ: ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਵਿੱਚ ਹਵਾਈ ਹਮਲਾ ਕੀਤਾ, ਜਿਸ ਵਿੱਚ ਅੱਠ ਲੋਕ ਮਾਰੇ ਗਏ। ਮਾਰੇ ਗਏ ਲੋਕਾਂ ਵਿੱਚ ਤਿੰਨ ਕਲੱਬ ਕ੍ਰਿਕਟ ਖਿਡਾਰੀ ਵੀ ਸ਼ਾਮਲ ਸਨ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਸੱਤ ਨਾਗਰਿਕ ਜ਼ਖਮੀ ਹੋ ਗਏ ਹਨ।
ਰਿਪੋਰਟਾਂ ਅਨੁਸਾਰ, ਇਹ ਹਮਲਾ ਅਰਗੁਨ ਅਤੇ ਬਰਮਲ ਜ਼ਿਲ੍ਹਿਆਂ ਵਿੱਚ ਹੋਇਆ, ਜਿਸ ਵਿੱਚ ਕਈ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਇਲਾਕਾ ਡੁਰੰਡ ਲਾਈਨ ਦੇ ਨੇੜੇ ਸਥਿਤ ਹੈ, ਜੋ ਕਿ ਦੋਵਾਂ ਦੇਸ਼ਾਂ ਦੀ ਸਰਹੱਦ ਹੈ।
8 ਅਕਤੂਬਰ ਨੂੰ ਸ਼ੁਰੂ ਹੋਏ ਟਕਰਾਅ ਤੋਂ ਬਾਅਦ, 15 ਅਕਤੂਬਰ ਨੂੰ 48 ਘੰਟੇ ਦੀ ਜੰਗਬੰਦੀ ‘ਤੇ ਸਹਿਮਤੀ ਬਣੀ ਸੀ, ਜਿਸ ਨੂੰ ਬਾਅਦ ਵਿੱਚ ਵਧਾ ਦਿੱਤਾ ਗਿਆ। ਏ.ਸੀ.ਬੀ. ਨੇ ਕਿਹਾ ਕਿ ਹਮਲੇ ਵਿੱਚ ਖਿਡਾਰੀ ਕਬੀਰ, ਸਿਬਘਾਤੁੱਲਾ ਅਤੇ ਹਾਰੂਨ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜੋ ਪਕਤਿਕਾ ਦੀ ਰਾਜਧਾਨੀ ਸ਼ਰਾਨਾ ਵਿੱਚ ਇੱਕ ਦੋਸਤਾਨਾ ਮੈਚ ਤੋਂ ਵਾਪਸ ਆ ਰਹੇ ਸਨ। ਹਮਲੇ ਵਾਲੇ ਦਿਨ ਕਬੀਰ ਨੂੰ ਉਸਦੇ ਪਿੰਡ ਦੇ ਟੂਰਨਾਮੈਂਟ ਵਿੱਚ “ਮੈਨ ਆਫ ਦਿ ਮੈਚ” ਚੁਣਿਆ ਗਿਆ ਸੀ। ਟਰਾਫੀ ਫੜੀ ਉਸਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਏਸੀਬੀ ਦਾ ਪਾਕਿਸਤਾਨ ਵਿਰੁੱਧ ਵੱਡਾ ਫੈਸਲਾ
ਇਸ ਘਟਨਾ ਦੇ ਵਿਰੋਧ ਵਿੱਚ, ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਨਵੰਬਰ ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀ ਤਿਕੋਣੀ ਟੀ-20 ਲੜੀ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਏਸੀਬੀ ਨੇ ਕਿਹਾ ਕਿ ਇਹ ਕਦਮ ਮਾਰੇ ਗਏ ਖਿਡਾਰੀਆਂ ਦੇ ਸਤਿਕਾਰ ਵਜੋਂ ਚੁੱਕਿਆ ਗਿਆ ਹੈ।
ਇਸ ਲੜੀ ਵਿੱਚ ਪਾਕਿਸਤਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਸ਼ਾਮਲ ਹੋਣੀਆਂ ਸਨ। ਅਫਗਾਨ ਟੀਮ ਨੇ 17 ਅਤੇ 23 ਨਵੰਬਰ ਨੂੰ ਪਾਕਿਸਤਾਨ ਵਿਰੁੱਧ ਖੇਡਣਾ ਸੀ। ਇਹ ਪਹਿਲਾ ਮੌਕਾ ਸੀ ਜਦੋਂ ਅਫਗਾਨਿਸਤਾਨ ਪਾਕਿਸਤਾਨ ਦੀ ਧਰਤੀ ‘ਤੇ ਪਾਕਿਸਤਾਨ ਵਿਰੁੱਧ ਖੇਡਦਾ।
ਹਾਲਾਂਕਿ, ਅਫਗਾਨਿਸਤਾਨ ਨੇ ਪਹਿਲਾਂ 2023 ਏਸ਼ੀਆ ਕੱਪ ਅਤੇ 2024 ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਵਿੱਚ ਮੈਚ ਖੇਡੇ ਸਨ, ਪਰ ਦੋਵੇਂ ਟੀਮਾਂ ਇੱਕ ਦੂਜੇ ਦੇ ਸਾਹਮਣੇ ਨਹੀਂ ਆਈਆਂ।