ਖਬਰਿਸਤਾਨ ਨੈੱਟਵਰਕ- ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।
ਇਸ ਦੌਰਾਨ ਨਾ ਸਿਰਫ ਦੇਸ਼ ਦੇ ਕੋਨੇ-ਕੋਨੇ ਤੋਂ, ਸਗੋਂ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ। ਜਾਹੋ-ਜਲਾਲ ਨਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਾਰਾ ਸ਼ਹਿਰ ਗੁਰਬਾਣੀ ਦੇ ਸੁਰੀਲੇ ਨਾਦਾਂ ਨਾਲ ਗੂੰਜ ਉਠਿਆ।
ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦੀ ਸ਼ੁਰੂਆਤ ਹੋਈ। ਇਹੀ ਥਾਂ ਉਹ ਪਵਿੱਤਰ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਲੀ ਵੇਈਂ ਵਿੱਚ ਇਸ਼ਨਾਨ ਕਰ ਕੇ ਪਰਮਾਤਮਾ ਦੀ ਜੋਤ ਦਾ ਅਨੁਭਵ ਕੀਤਾ ਸੀ ਅਤੇ ਜਿੱਥੇ ਉਹ “ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ” ਦਾ ਸੰਦੇਸ਼ ਲੈ ਕੇ ਪ੍ਰਗਟ ਹੋਏ ਸਨ। ਇਸ ਅਸਥਾਨ ‘ਤੇ ਹੀ ਗੁਰੂ ਸਾਹਿਬ ਜੀ ਨੇ ਮੂਲ ਮੰਤਰ ਦਾ ਉਚਾਰਨ ਕਰ ਕੇ ਬਾਣੀ ਦੀ ਸ਼ੁਰੂਆਤ ਕੀਤੀ ਸੀ। ਅੱਜ ਵੀ ਇਹ ਥਾਂ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਦੇ ਰੂਪ ਵਿੱਚ ਸਿੱਖ ਧਰਮ ਦੀ ਅਤਿ ਮਹੱਤਵਪੂਰਨ ਯਾਦਗਾਰੀ ਹੈ।
ਨਗਰ ਕੀਰਤਨ ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤੀ ਹੋਈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਉਹ ਪਵਿੱਤਰ ਥਾਂ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਹਰ ਰੋਜ਼ ਕਾਲੀ ਵੇਈਂ ਦੇ ਕੰਢੇ ਇਸ਼ਨਾਨ ਕਰ ਕੇ ਧਿਆਨ ਲਗਾਉਂਦੇ ਸਨ।
ਦੱਸ ਦੇਈਏ ਕਿ 5 ਨਵੰਬਰ ਭਲਕੇ ਜਿਥੇ ਜਿਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਨ, ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ।