ਖ਼ਬਰਿਸਤਾਨ ਨੈੱਟਵਰਕ: ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਨਾਗਪੁਰ-ਮੁੰਬਈ ਐਕਸਪ੍ਰੈਸ-ਵੇਅ ‘ਤੇ ਬੁੱਧਵਾਰ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੈਂਪੂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ 8 ਔਰਤਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਐਕਸਪ੍ਰੈਸ-ਵੇਅ ‘ਤੇ ਵਾਪਰਿਆ ਹਾਦਸਾ
ਇਹ ਹਾਦਸਾ ਕੜਵਾਂਚੀ ਪਿੰਡ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਮਹਿਲਾ ਮਜ਼ਦੂਰ ਐਕਸਪ੍ਰੈਸ-ਵੇਅ ‘ਤੇ ਸਫਾਈ ਦਾ ਕੰਮ ਖ਼ਤਮ ਕਰਕੇ ਟੈਂਪੂ ਰਾਹੀਂ ਆਪਣੇ ਘਰ ਪਰਤ ਰਹੀਆਂ ਸਨ। ਜਿਵੇਂ ਹੀ ਟੈਂਪੂ ਚੱਲਣ ਵਾਲਾ ਸੀ, ਉਸੇ ਵੇਲੇ ਮੁੰਬਈ ਵੱਲ ਜਾ ਰਹੇ ਇੱਕ ਟਰੱਕ ਨੇ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟੈਂਪੂ ਦੇ ਪਰਖੱਚੇ ਉੱਡ ਗਏ ਅਤੇ ਲਾਸ਼ਾਂ ਸੜਕ ‘ਤੇ ਖਿੰਡ ਗਈਆਂ। ਸਥਾਨਕ ਲੋਕਾਂ ਅਨੁਸਾਰ ਹਾਦਸੇ ਦੀ ਆਵਾਜ਼ ਸੁਣ ਕੇ ਉਹ ਮਦਦ ਲਈ ਭੱਜੇ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਮ੍ਰਿਤਕਾਂ ਦੀ ਹੋਈ ਪਛਾਣ
ਇਸ ਹਾਦਸੇ ਵੇਲੇ ਟੈਂਪੂ ਵਿੱਚ ਕੁੱਲ 11 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 7 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਹੋਰ ਔਰਤ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਅਲਕਾਬਾਈ ਆਡਮਨੇ (45), ਲਕਸ਼ਮੀਬਾਈ ਮਦਨ (35), ਮੀਨਾ ਆਡਮਨੇ (45), ਕੰਚਨ ਆਡਮਨੇ (50), ਤਾਰਾਬਾਈ ਚੌਧਰੀ (60), ਕਡੂਬਾਈ ਮਦਨ (55), ਸੁਮਨ ਆਡਮਨੇ (70)ਵਜੋਂ ਹੋਈ ਹੈ। ਹਾਲਾਂਕਿ ਇੱਕ ਮ੍ਰਿਤਕ ਦੀ ਪਛਾਣ ਅਜੇ ਹੋਣੀ ਬਾਕੀ ਹੈ।
ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ
ਹਾਦਸੇ ਤੋਂ ਬਾਅਦ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਘਟਨਾ ਤੋਂ ਬਾਅਦ ਐਕਸਪ੍ਰੈਸ-ਵੇਅ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।
ਸਰਕਾਰ ਵੱਲੋਂ ਦੁੱਖ ਦਾ ਪ੍ਰਗਟਾਵਾ
ਮਹਾਰਾਸ਼ਟਰ ਦੀ ਵਾਤਾਵਰਣ ਮੰਤਰੀ ਪੰਕਜਾ ਮੁੰਡੇ ਨੇ ਇਸ ਮੰਦਭਾਗੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਆਰਥਿਕ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ।