ਲੁਧਿਆਣਾ ਵਿੱਚ ਇੱਕ ਵਿਆਹ ਦੀ ਜਾਗੋ ਦੌਰਾਨ ਹਵਾਈ ਫਾਇਰ ਇਕ ਵਿਅਕਤੀ ਨੂੰ ਲੱਗ ਗਿਆ। ਜਾਣਕਾਰੀ ਅਨੁਸਾਰ ਨਸ਼ੇ ਵਿਚ ਇੱਕ ਨੌਜਵਾਨ ਨੇ ਗੋਲੀ ਚਲਾਈ, ਜੋ ਉੱਥੇ ਖੜ੍ਹੇ ਇੱਕ ਵਿਅਕਤੀ ਨੂੰ ਲੱਗੀ। ਇਹ ਘਟਨਾ ਮਲਸੀਆ ਬਾਜਾਨ ਪਿੰਡ ਵਿਚ ਜਾਗੋ ਵਿੱਚ ਵਾਪਰੀ।
ਕਿਵੇਂ ਵਾਪਰੀ ਘਟਨਾ
ਜਸਮਨ ਛੀਨਾ, ਜੋ ਸ਼ਰਾਬੀ ਸੀ, ਨੇ ਰਿਵਾਲਵਰ ਤੋਂ ਗੋਲੀ ਚਲਾਈ। ਗੋਲੀ ਮਨਜਿੰਦਰ ਸਿੰਘ ਨੂੰ ਲੱਗੀ, ਜੋ ਕਿ ਟੈਂਟ ਅਤੇ ਕੇਟਰਿੰਗਦਾ ਕੰਮ ਕਰਦਾ ਹੈ।ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਨਜਿੰਦਰ ਆਪਣੇ ਚਾਚੇ ਦੇ ਪੁੱਤਰ ਨਾਲ ਡੀਜੇ ਦੇ ਕੋਲ ਮੇਜ਼ ‘ਤੇ ਬੈਠਾ ਸੀ। ਜਸਮਨ ਪਹਿਲਾਂ ਹੀ ਉੱਥੇ ਮੌਜੂਦ ਸੀ। ਉਸ ਨੇ ਨਸ਼ੇ ਦੀ ਹਾਲਤ ਵਿੱਚ ਰਿਵਾਲਵਰ ਕੱਢ ਲਿਆ। ਮਨਜਿੰਦਰ ਅਤੇ ਹੋਰਾਂ ਨੇ ਉਸ ਨੂੰ ਰਿਵਾਲਵਰ ਵਾਪਸ ਰੱਖਣ ਲਈ ਕਿਹਾ। ਜਦੋਂ ਉਸ ਦੀਆਂ ਗੱਲਾਂ ਨਹੀਂ ਸੁਣੀਆਂ ਗਈਆਂ ਤਾਂ ਉਹ ਉੱਥੋਂ ਜਾਣ ਲੱਗੇ। ਇਸ ਦੌਰਾਨ ਅਚਾਨਕ ਗੋਲੀ ਚੱਲੀ।
ਹਵਾਈ ਫਾਇਰ ਕੱਢਣ ਵਾਲਾ ਫਰਾਰ
ਗੋਲੀ ਮਨਜਿੰਦਰ ਦੀ ਬੈਲਟ ਨੂੰ ਵਿੰਨ੍ਹ ਕੇ ਉਸ ਦੀ ਰੀੜ੍ਹ ਦੀ ਹੱਡੀ ਤੱਕ ਪਹੁੰਚ ਗਈ। ਜ਼ਖਮੀ ਨੂੰ ਪਹਿਲਾਂ ਸਰਕਾਰੀ ਹਸਪਤਾਲ ਲਿਜਾਇਆ ਗਿਆ। ਉੱਥੋਂ ਡਾਕਟਰਾਂ ਨੇ ਡੀਐਮਸੀ ਹਸਪਤਾਲ, ਲੁਧਿਆਣਾ ਰੈਫਰ ਕਰ ਦਿੱਤਾ। ਥਾਣਾ ਸਿੱਧਵਾ ਬੇਟ ਦੇ ਏਐਸਆਈ ਸੁਖਮੰਦਰ ਸਿੰਘ ਅਨੁਸਾਰ ਪੀੜਤ ਦੀ ਸ਼ਿਕਾਇਤ ‘ਤੇ ਦੋਸ਼ੀ ਜਸਮਨ ਛੀਨਾ ਵਿਰੁੱਧ ਧਾਰਾ 109 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਕੱਕੜ ਤਿਹਾੜਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਫਰਾਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।