ਖਬਰਿਸਤਾਨ ਨੈੱਟਵਰਕ- ਵਿਧਾਨ ਸਭਾ ਦਾ ਦੂਜੇ ਦਿਨ ਦਾ ਸੈਸ਼ਨ ਅੱਜ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੌਰਾਨ ਕਈ ਅਹਿਮ ਬਿੱਲ ਸਦਨ ‘ਚ ਲਿਆਂਦੇ ਗਏ। ਸੀਐਮ ਮਾਨ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ ‘ਤੇ ਨਿਸ਼ਾਨਾ ਸਾਧਿਆ।
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਡਰਾਫ਼ਟ ਬਿੱਲ ਪੇਸ਼
ਸਦਨ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਇੱਕ ਮਹੱਤਵਪੂਰਨ ਡਰਾਫ਼ਟ ਬਿੱਲ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਡੈਮਾਂ ਦੀ ਸੁਰੱਖਿਆ ਤੋਂ ਸੀਆਈਐਸਐਫ ਨੂੰ ਹਟਾਉਣ ਸੰਬੰਧੀ 5 ਬਿੱਲ ਪੇਸ਼ ਕੀਤੇ ਗਏ। ਇਸ ਦੌਰਾਨ ਰਾਜਾਂ ਵਿੱਚ ਦੋ ਨਵੇਂ ਵਿਦਿਅਕ ਸੰਸਥਾਨਾਂ ਲਈ ਪ੍ਰਵਾਨਗੀ ਦਿੱਤੀ ਗਈ ਹੈ।ਪਸ਼ੂ ਬੇਰਹਿਮੀ ਸੋਧ ਬਿੱਲ ਨੂੰ ਵੀ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਹ ਬਿੱਲ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪਾਸ ਕੀਤਾ ਗਿਆ।
ਮੁੜ ਸ਼ੁਰੂ ਹੋਣਗੀਆ ਬੱਲਦ ਦੌੜਾਂ
ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ, ਪੂਰੇ ਪੰਜਾਬ ਵਿੱਚ ਬਲਦਾਂ ਦੇ ਖੇਡ ਆਸਾਨੀ ਨਾਲ ਆਯੋਜਿਤ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਅਜਿਹਾ ਟੂਰਨਾਮੈਂਟ ਉਨ੍ਹਾਂ ਦੇ ਆਪਣੇ ਪਿੰਡ ਵਿੱਚ ਹੁੰਦਾ ਹੈ ਅਤੇ ਇਹ ਰਵਾਇਤੀ ਖੇਡਾਂ ਅਜੇ ਵੀ ਲੁਧਿਆਣਾ, ਕਪੂਰਥਲਾ ਅਤੇ ਤਰਨਤਾਰਨ ਸਮੇਤ ਕਈ ਜ਼ਿਲ੍ਹਿਆਂ ਵਿੱਚ ਖੇਡੀਆਂ ਜਾਂਦੀਆਂ ਹਨ।
ਪਿੰਡਾਂ ਦੇ ਇਨ੍ਹਾਂ ਰਵਾਇਤੀ ਖੇਡਾਂ ਨੂੰ ਸਾਡੀ ਵਿਰਾਸਤ ਦੱਸਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਬਿੱਲ ਵਿੱਚ ਇੱਕ ਮਹੱਤਵਪੂਰਨ ਸ਼ਰਤ ਰੱਖੀ ਗਈ ਹੈ ਕਿ ਦੌੜ ਦੌਰਾਨ ਜਾਨਵਰਾਂ ਨੂੰ ਡੰਡਿਆਂ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ।ਉਨ੍ਹਾਂ ਨੂੰ ਸਿਰਫ਼ ਹੱਥ ਨਾਲ ਥਪਥਪਾ ਕੇ ਅੱਗੇ ਵਧਣ ਲਈ ਕਿਹਾ ਜਾਵੇਗਾ।
ਪੰਜਾਬ ਵਿਧਾਨ ਸਭਾ ਨੇ ਮੋਹਾਲੀ ਦੀ ਸੀਜੀਸੀ ਯੂਨੀਵਰਸਿਟੀ ਝੰਜੇੜੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੂਬੇ ਵਿੱਚ ਯੂਨੀਵਰਸਿਟੀਆਂ ਦੀ ਕੁੱਲ ਗਿਣਤੀ 19 ਹੋ ਜਾਵੇਗੀ। ਇਹ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋ ਗਿਆ। ਰਿਆਤ ਬਾਹਰਾ ਯੂਨੀਵਰਸਿਟੀ ਪ੍ਰੋਫੈਸ਼ਨਲ (ਹੁਸ਼ਿਆਰਪੁਰ) ਨੂੰ ਪੰਜਾਬ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਨੇ ਪੰਜਾਬ ਦੁਕਾਨਾਂ ਅਤੇ ਵਪਾਰਕ ਸਥਾਪਨਾ ਸੋਧ ਬਿੱਲ 2025 ਅਤੇ ਪੰਜਾਬ ਕਿਰਤ ਭਲਾਈ ਫੰਡ ਸੋਧ ਬਿੱਲ 2025 ਨੂੰ ਪਾਸ ਕਰ ਦਿੱਤਾ ਹੈ। ਦੋਵੇਂ ਬਿੱਲ ਸਰਬਸੰਮਤੀ ਨਾਲ ਪਾਸ ਕੀਤੇ ਗਏ, ਜਿਨ੍ਹਾਂ ਦਾ ਉਦੇਸ਼ ਕਾਮਿਆਂ ਅਤੇ ਵਪਾਰੀਆਂ ਦੇ ਹਿੱਤਾਂ ਦੀ ਬਿਹਤਰ ਰੱਖਿਆ ਕਰਨਾ ਅਤੇ ਕੰਮਕਾਜ ਨੂੰ ਵਧੇਰੇ ਸੁਵਿਧਾਜਨਕ ਬਣਾਉਣਾ ਹੈ।
ਸਹਾਇਤਾ ਪ੍ਰਾਪਤ ਕਾਲਜਾਂ ਦੀ ਮਦਦ ਕਰੇ ਸਰਕਾਰ
ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਰਿਆਤ-ਬਾਹਰਾ ਯੂਨੀਵਰਸਿਟੀ (ਹੁਸ਼ਿਆਰਪੁਰ) ਅਤੇ ਸੀਜੀਸੀ (ਝੰਜੇੜੀ) ਵਰਗੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਸਮੇਂ ਦੀ ਲੋੜ ਹੈ। ਉਨ੍ਹਾਂ ਯਾਦ ਦਿਵਾਇਆ ਕਿ ਪ੍ਰਾਈਵੇਟ ਯੂਨੀਵਰਸਿਟੀਆਂ 2007 ਵਿੱਚ ਕਾਂਗਰਸ ਸਰਕਾਰ ਦੌਰਾਨ ਸ਼ੁਰੂ ਹੋਈਆਂ ਸਨ ਅਤੇ ਅੱਜ ਦੀ ਲੋੜ ਮਿਆਰੀ ਸਿੱਖਿਆ ਦੀ ਹੈ, ਜਿਸ ਲਈ ਇੱਕ ਰੈਗੂਲੇਟਰੀ ਅਥਾਰਟੀ ਵੀ ਹੋਣੀ ਚਾਹੀਦੀ ਹੈ।
ਸੂਬੇ ‘ਚ ਖੁੱਲਣਗੇ ਨਵੇਂ ਸਰਕਾਰੀ ਸਕੂਲ ਅਤੇ ਕਾਲਜ
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਅਜਨਾਲਾ, ਬਰਨਾਲਾ ਅਤੇ ਕੀਰਤਪੁਰ ਸਾਹਿਬ ਸਮੇਤ ਕਈ ਇਲਾਕਿਆਂ ਵਿੱਚ ਨਵੇਂ ਸਰਕਾਰੀ ਕਾਲਜ ਖੋਲ੍ਹਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਪੜ੍ਹਾਈ ਲਈ ਪੰਜਾਬ ਆ ਰਹੇ ਹਨ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਬਿਹਤਰ ਮੌਕੇ ਮਿਲ ਸਕਣ।
BBMB ਤੋਂ CISF ਦੇ ਕਰਮਚਾਰੀਆਂ ਨੂੰ ਹਟਾਉਣ ਦਾ ਮਤਾ ਪਾਸ
BBMB ਤੋਂ ਸੀ.ਆਈ.ਐਸ.ਐਫ਼. ਕਰਮਚਾਰੀਆਂ ਦੀ ਤਾਇਨਾਤੀ ਹਟਾਉਣ ਦਾ ਲਿਆਂਦਾ ਮਤਾ ਸਦਨ ਵਿਚ ਪਾਸ ਕਰ ਦਿਤਾ ਗਿਆ। ਸਦਨ ਵਲੋਂ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਗਈ ਸੀ ਕਿ ਮਾਮਲਾ ਭਾਰਤ ਸਰਕਾਰ ਨਾਲ ਸਬੰਧਤ ਮੰਤਰਾਲਿਆਂ ਕੋਲ ਉਠਾਇਆ ਜਾਵੇ ਅਤੇ ਭਾਰਤ ਸਰਕਾਰ ਅਤੇ ਬੀ.ਬੀ.ਐਮ.ਬੀ. ਨੂੰ ਬੇਨਤੀ ਕੀਤੀ ਜਾਵੇ ਕਿ ਭਾਖੜਾ ਡੈਮ ਪ੍ਰਾਜੈਕਟਾਂ ਅਤੇ ਬੀ.ਬੀ.ਐਮ.ਬੀ. ਦੇ ਹੋਰ ਹਾਈਡਰੋ ਪ੍ਰਾਜੈਕਟਾਂ ’ਤੇ ਸੀ.ਆਈ.ਐਸ.ਐਫ਼. ਕਰਮਚਾਰੀ ਤਾਇਨਾਤ ਨਾ ਕੀਤੇ ਜਾਣ।
ਦਿਲਜੀਤ ਦੋਸਾਂਝ ਦੇ ਹੱਕ ‘ਚ ਬੋਲੇ CM ਮਾਨ
CM ਮਾਨ ਨੇ ਸਦਨ ਵਿਚ ਦਿਲਜੀਤ ਦੋਸਾਂਝ ਦੇ ਹੱਕ ਵਿਚ ਬੋਲਦੇ ਹੋਏ ਕਿਹਾ ਕਿ ਪਹਿਲਗਾਮ ਦੀ ਦੁਖਦਾਈ ਘਟਨਾ ਤੋਂ ਬਹੁਤ ਪਹਿਲਾਂ ਉਨ੍ਹਾਂ ਦੀ ਫ਼ਿਲਮ ਬਣੀ ਸੀ, ਜਿਸ ’ਚ ਪਾਕਿਸਤਾਨੀ ਕਲਾਕਾਰ ਸੀ ਪਰ ਸਾਨੂੰ ਗੱਦਾਰ ਕਿਹਾ ਜਾ ਰਿਹਾ ਹੈ, ਕੀ ਹੁਣ ਤੁਸੀਂ ਸਾਨੂੰ ਦੇਸ਼ ਭਗਤੀ ਦੇ ਸਰਟੀਫ਼ਿਕੇਟ ਵੰਡੋਗੇ। ਇਸ ਦੌਰਾਨ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮੁੜ ਆਹਮੋ-ਸਾਹਮਣੇ ਹੋ ਗਏ।
ਜਿਨ੍ਹਾਂ ਦੇ ਟੂਟੀਆਂ ਸੋਨੇ ਦੀਆਂ ਉਨ੍ਹਾਂ ਨੂੰ ਪਾਣੀ ਦੀ ਮਹੱਤਤਾ ਦਾ ਕੀ ਪਤਾ : ਮੁੱਖ ਮੰਤਰੀ
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਾਨੂੰ ਆਪਸ ਵਿਚ ਲੜਾ ਕੇ ਸਾਡੇ ਹੱਕ ਮਾਰ ਰਹੀ ਹੈ, ਸਾਡੀਆਂ ਤਾਂ ਹਰਿਆਣੇ ਨਾਲ ਰਿਸ਼ਤੇਦਾਰੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਈ.ਡੀ. ਉਨ੍ਹਾਂ ਸੂਬਿਆਂ ਵਿਚ ਕਿਉਂ ਆਉਂਦੀ ਹੈ, ਜਿੱਥੇ ਭਾਜਪਾ ਦੀ ਸਰਕਾਰ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਆਪਾਂ ਗੱਲ ਉਹ ਕਰੀਏ, ਜਿਸ ਨਾਲ ਪੰਜਾਬ ਦਾ ਫਾਇਦਾ ਹੋਵੇ ਨਾ ਕਿਸੇ ਦਾ ਨਿੱਜੀ ਫਾਇਦਾ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਵਿਚ ਨਹਿਰਾਂ ਖ਼ਤਮ ਹੁੰਦੀਆਂ ਹਨ, ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਬਣੀਆਂ ਹੋਣ, ਉਨ੍ਹਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਕੀ ਪਤਾ।