ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤੇ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਸਫ਼ਲਤਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚਲਾਈ ਜਾ ਰਹੀ ਗੈਂਗਸਟਰ ਅਤੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਮਿਲੀ ਹੈ।
6 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਕਾਰਵਾਈ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6 ਆਧੁਨਿਕ ਪਿਸਤੌਲ, 60 ਜ਼ਿੰਦਾ ਕਾਰਤੂਸ ਅਤੇ 3.513 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਇਲਾਕੇ ਨਾਲ ਸਬੰਧਤ ਹਨ, ਜੋ ਕਿ ਇੱਕ ਸਰਹੱਦੀ ਖੇਤਰ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਾਕਿਸਤਾਨ ਸਥਿਤ ਤਸਕਰਾਂ ਅਤੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ।
ਤੁਰਕੀ ਦੇ ਬਣੇ ਅਤਿ-ਆਧੁਨਿਕ ਹਥਿਆਰ ਬਰਾਮਦ
ਪੁਲਿਸ ਅਨੁਸਾਰ, ਬਰਾਮਦ ਕੀਤੀਆਂ ਗਈਆਂ ਪਿਸਤੌਲਾਂ PX 5.7×28 mm TISAS (ਟਰਕੀ ਸੀਰੀਜ਼) ਦੀਆਂ ਹਨ। ਇਹ ਬਹੁਤ ਹੀ ਆਧੁਨਿਕ ਅਤੇ ਖ਼ਤਰਨਾਕ ਕਿਸਮ ਦੀਆਂ ਹਨ, ਜਿਨ੍ਹਾਂ ਵਿੱਚ ਉੱਚ ਭੇਦਣ ਦੀ ਸਮਰੱਥਾ (High Penetration) ਹੈ ਅਤੇ ਇਹ ਆਟੋਮੈਟਿਕ ਫਾਇਰ ਕਰਨ ਦੇ ਸਮਰੱਥ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਜਿਹੇ ਘਾਤਕ ਹਥਿਆਰ ਪਹਿਲਾਂ ਬਹੁਤ ਘੱਟ ਮਾਮਲਿਆਂ ਵਿੱਚ ਸਾਹਮਣੇ ਆਏ ਹਨ।